ਪੰਜਾਬ ਦੇ ਸਿਆਸਤਦਾਨਾਂ ਤੋਂ ਨਰਾਜ਼ ਹੋਈ ਅਰੂਸਾ ਆਲਮ ਨੇ ਲਿਆ ਵੱਡਾ ਫੈਸਲਾ
ਸੁਖਜਿੰਦਰ ਰੰਧਾਵਾ,ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਦੱਸਿਆ 'ਲੱਕੜਬੱਘਿਆਂ ਦੀ ਟੋਲੀ'
ਕਿਹਾ,ਮੈਂ ਬਹੁਤ ਦੁਖੀ ਹਾਂ, ਕਦੇ ਵੀ ਨਹੀਂ ਆਵਾਂਗੀ ਭਾਰਤ
ਚੰਡੀਗੜ੍ਹ : ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ਦੀ ਪੱਤਰਕਾਰ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਗਰਮਾਈ ਹੋਈ ਹੈ। ਨਿੱਤ ਨਵੇਂ ਟਵੀਟ ਅਤੇ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਹਨ। ਇਸ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਹੁਣ ਅਰੂਸਾ ਆਲਮ ਨੇ ਇੱਕ ਨਿੱਜੀ ਚੈਨਲ ਨਾਲ ਫ਼ੋਨ 'ਤੇ ਗੱਲ ਕਰਦਿਆਂ ਇੱਕ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ, "ਪੰਜਾਬ ਕਾਂਗਰਸ ਦੇ ਸਿਆਸਤਦਾਨਾਂ ਤੋਂ ਬਹੁਤ ਨਿਰਾਸ਼ ਅਤੇ ਦੁਖੀ ਹਾਂ ਤੇ ਕਦੇ ਵੀ ਭਾਰਤ ਵਾਪਸ ਨਹੀਂ ਆਵਾਂਗੀ ਕਿਉਂਕਿ ਜੋ ਵੀ ਮੇਰੇ ਨਾਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਹੋ ਰਿਹਾ ਹੈ ਉਸ ਤੋਂ ਮੈਂ ਬਹੁਤ ਦੁਖੀ ਹਾਂ ਅਤੇ ਮੇਰਾ ਦਿਲ ਟੁੱਟਿਆ ਹੈ''।
ਦੱਸ ਦਈਏ ਕਿ ਪਿਛਲੇ ਹਫ਼ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਅਰੂਸਾ ਆਲਮ ਦੇ ਕਥਿਤ ISI ਸਬੰਧਾਂ ਦੀ ਜਾਂਚ ਕਰਵਾਈ ਜਾਵੇਗੀ। ਜਿਸ 'ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਵਾਬੀ ਹਮਲਾ ਕੀਤਾ ਸੀ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਕੈਪਟਨ ਵਲੋਂ ਕੀਤੇ ਟਵੀਟ 'ਚ ਕਿਹਾ ਸੀ ਕਿ ਆਲਮ “16 ਸਾਲਾਂ ਤੋਂ ਭਾਰਤ ਸਰਕਾਰ ਦੀਆਂ ਮਨਜ਼ੂਰੀਆਂ ਲੈ ਕੇ ਆ ਰਹੀ ਹੈ”।
ਇੱਕ ਨਿੱਜੀ ਚੈਨਲ ਨਾਲ ਕੀਤੀ ਗੱਲਬਾਤ ਦੌਰਾਨ ਆਲਮ ਨੇ ਕਿਹਾ “ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਹ ਇੰਨੇ ਹੇਠਾਂ ਡਿੱਗ ਸਕਦੇ ਹਨ। ਸੁਖਜਿੰਦਰ ਰੰਧਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ (ਨਵਜੋਤ ਕੌਰ ਸਿੱਧੂ) 'ਲੱਕੜਬੱਘਿਆਂ ਦੀ ਟੋਲੀ' ਹਨ। ਉਹ ਕੈਪਟਨ ਨੂੰ ਸ਼ਰਮਿੰਦਾ ਕਰਨ ਲਈ ਮੈਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ, ਕੀ ਉਹ ਇੰਨੇ ਦੀਵਾਲੀਆ ਹਨ ਕਿ ਉਨ੍ਹਾਂ ਨੂੰ ਆਪਣੇ ਸਿਆਸੀ ਮਕਸਦ ਲਈ ਮੇਰੇ ਨਾਮ ਦਾ ਸਹਾਰਾ ਲੈਣਾ ਪੈ ਰਿਹਾ ਹੈ?''
ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭ ਚੋਣਾਂ ਅਤੇ ਸੂਬੇ ਦੀ ਸਥਿਤੀ 'ਤੇ ਟਿੱਪਣੀ ਕਰਨਾ ਮੇਰਾ ਕੰਮ ਨਹੀਂ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਫਸ ਗਏ ਹਨ। ਉਨ੍ਹਾਂ ਦੇ ਦੁਸ਼ਮਣ ਨੇ ਮੇਰਾ ਨਾਮ ਵਰਤ ਕੇ ਉਨ੍ਹਾਂ ਨੂੰ ਫਸਾਇਆ ਹੈ। ਦੱਸ ਦਈਏ ਕਿ ਅਰੂਸਾ ਆਲਮ ਨੇ ਹਾਲਾਂਕਿ ਕਿਸੇ "ਦੁਸ਼ਮਣ" ਦਾ ਨਾਮ ਨਹੀਂ ਲਿਆ।
ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਦੀ ਬਰਖ਼ਾਸਤਗੀ ਦਾ ਜ਼ਿਕਰ ਕਰਦਿਆਂ ਆਲਮ ਨੇ ਕਿਹਾ,“ਮੇਰਾ ਉਨ੍ਹਾਂ ਲਈ ਇੱਕ ਸੁਨੇਹਾ ਹੈ - ਕਿਰਪਾ ਕਰ ਕੇ ਵੱਡੇ ਹੋਵੋ ਅਤੇ ਆਪਣਾ ਘਰ ਸੰਭਾਲੋ। ਪੰਜਾਬ ਵਿਚ ਕਾਂਗਰਸ ਆਪਣਾ ਅਧਾਰ ਗਵਾ ਚੁੱਕੀ ਹੈ। ਲੜਾਈ ਦੇ ਦੌਰਾਨ ਕੌਣ ਆਪਣੇ ਜਰਨੈਲ ਨੂੰ ਬਦਲਦਾ ਹੈ? ਹੁਣ ਕਿਰਪਾ ਕਰ ਕੇ ਆਪਣੀ ਲੜਾਈ ਆਪਣੇ ਦਮ 'ਤੇ ਲੜੋ, ਤੁਸੀਂ ਮੈਨੂੰ ਇਸ ਪੰਜਾਬ ਕਾਂਗਰਸ ਅਤੇ ਸਰਕਾਰੀ ਗੜਬੜ 'ਚ ਕਿਉਂ ਘਸੀਟ ਰਹੇ ਹੋ? ਹੁਣ ਜਦੋਂ ਉਨ੍ਹਾਂ ਨੇ ਮੈਨੂੰ ਇਸ ਵਿਚ ਖਿੱਚ ਹੀ ਲਿਆ ਹੈ ਤਾਂ ਮੈਂ ਸਿਰਫ਼ ਇਨਾ ਹੀ ਕਹਾਂਗੀ 'ਤੁਹਾਡੇ ਬਾਂਦਰ, ਤੁਹਾਡੀ ਸਰਕਸ'।
ਰੰਧਾਵਾ ਵਲੋਂ ਆਪਣੇ ਕਥਿਤ ਆਈਐਸਆਈ ਸਬੰਧਾਂ ਬਾਰੇ ਟਿੱਪਣੀ ਬਾਰੇ ਅਰੂਸਾ ਨੇ ਕਿਹਾ, “ਮੈਂ ਦੋ ਦਹਾਕਿਆਂ ਤੋਂ ਤੇ 16 ਸਾਲਾਂ ਤੋਂ, ਕੈਪਟਨ ਦੇ ਸੱਦੇ 'ਤੇ ਅਤੇ ਇਸ ਤੋਂ ਪਹਿਲਾਂ, ਇੱਕ ਪੱਤਰਕਾਰ ਵਜੋਂ ਅਤੇ ਵਫ਼ਦ ਦੇ ਹਿੱਸੇ ਵਜੋਂ ਭਾਰਤ ਆ ਰਹੀ ਹਾਂ। ਕੀ ਉਹ ਮੇਰੇ ਲਿੰਕਾਂ ਲਈ ਅਚਾਨਕ ਜਾਗ ਗਏ ਹਨ? ਜਦੋਂ ਕੋਈ ਵੀ ਪਾਕਿਸਤਾਨ ਤੋਂ ਭਾਰਤ ਆਉਂਦਾ ਹੈ ਤਾਂ ਉਸ ਨੂੰ ਕਲੀਅਰੈਂਸ ਦੀ ਇੱਕ ਮੁਸ਼ਕਲ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਕੋਈ ਪ੍ਰਕਿਰਿਆ ਬਾਈਪਾਸ ਨਹੀਂ ਕੀਤੀ ਗਈ ਸੀ। ਲੋੜੀਂਦੀ ਜਾਂਚ ਕਰਵਾਈ ਗਈ। ਇਸ ਸਬੰਧੀ ਮਨਜ਼ੂਰੀਆਂ ਰਾਅ,IB, ਕੇਂਦਰੀ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਤੋਂ ਲਈਆਂ ਜਾਣੀਆਂ ਸਨ। ਉਹ ਵੀਜ਼ਾ ਫਾਰਮ ਆਨਲਾਈਨ ਵੀ ਨਹੀਂ ਭਰਨ ਦਿੰਦੇ। ਉਹ ਸੋਚਦੇ ਹਨ ਕਿ ਸਾਰੀਆਂ ਏਜੰਸੀਆਂ ਮੈਨੂੰ ਇਸ ਤਰ੍ਹਾਂ ਦੀ ਇਜਾਜ਼ਤ ਦੇ ਰਹੀਆਂ ਸਨ?''
“ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਹ ਸੋਚਦੇ ਹਨ ਕਿ UPA ਅਤੇ NDA ਦੋਵੇਂ ਸਰਕਾਰਾਂ ਕਾਬਲ ਨਹੀਂ ਸਨ ਕਿ ਉਹ ਆਈਐਸਆਈ ਏਜੰਟ ਨੂੰ ਵੀਜ਼ਾ ਦੇ ਰਹੇ ਸਨ? ਉਨ੍ਹਾਂ ਨੂੰ ਕੁਝ ਸਮਝਦਾਰੀ ਨਾਲ ਗੱਲ ਕਰਨ ਲਈ ਕਹੋ। ਉਹ ਮੈਨੂੰ ਪੂਰੇ ਵਿਵਾਦ ਵਿਚ ਘਸੀਟ ਕੇ ਕੈਪਟਨ ਨੂੰ ਸ਼ਰਮਿੰਦਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਪਾਰਟੀ ਬਣਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਰਿਹਾ ਹੈ... ਮੈਂ ਕੈਪਟਨ ਨੂੰ ਭਾਰਤ ਦੇ ਵੱਖ-ਵੱਖ ਨੇਤਾਵਾਂ ਦੀਆਂ ਤਸਵੀਰਾਂ ਭੇਜੀਆਂ ਜਿਨ੍ਹਾਂ ਨੂੰ ਮੈਂ ਕੈਪਟਨ ਨੂੰ ਮਿਲਣ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਵਿਚ ਮਿਲ ਚੁੱਕੀ ਸੀ। ਮੈਂ ਇਹ ਜ਼ਰੂਰ ਕਹਾਂਗੀ ਕਿ ਇਹ ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਹੇਠਲਾ ਪੱਧਰ ਹੈ।''
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੈਪਟਨ ਨੇ ਸਾਬਕਾ ਕੇਂਦਰੀ ਮੰਤਰੀਆਂ ਸੁਸ਼ਮਾ ਸਵਰਾਜ ਅਤੇ ਯਸ਼ਵੰਤ ਸਿਨਹਾ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਸਮੇਤ ਹੋਰਨਾਂ ਨਾਲ ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਪੁੱਛਿਆ ਸੀ ਕਿ ਕੀ ਇਹ ਆਗੂ "ਆਈਐਸਆਈ ਦੇ ਸੰਪਰਕ" ਵੀ ਹਨ।
ਆਲਮ ਨੇ ਇਸ ਦੋਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧ ਹੋਣ ਕਾਰਨ ਉਸ ਨੇ ਪੰਜਾਬ ਦੀ ਰਾਜਨੀਤੀ ਵਿਚ ਦਖਲ ਦਿੱਤਾ, ਆਲਮ ਨੇ ਕਿਹਾ ਕਿ ਉਸ ਨੂੰ ਵੱਖ-ਵੱਖ ਮੰਤਰੀਆਂ ਦੇ ਵਿਭਾਗਾਂ ਬਾਰੇ ਵੀ ਪਤਾ ਨਹੀਂ ਸੀ। “ਮੈਂ ਕਦੇ ਪਰਵਾਹ ਨਹੀਂ ਕੀਤੀ। ਲੋਕ ਮੈਨੂੰ ਕਹਿੰਦੇ ਸਨ ਕਿ ਇਹ ਵਿਭਾਗ ਚੰਗਾ ਹੈ ਅਤੇ ਉਹ ਵਿਭਾਗ ਨਹੀਂ ਹੈ। ਪਰ ਮੈਂ ਕਦੇ ਪਰਵਾਹ ਨਹੀਂ ਕੀਤੀ। ਮੈਂ ਬਹੁਤ ਸਾਰੇ ਦੋਸਤ ਬਣਾਏ। ਉਹ ਸਾਰੇ ਬਦਲ ਗਏ ਹਨ, ਉਨ੍ਹਾਂ ਦਾ ਕਿਰਦਾਰ ਕੀ ਹੈ?”
ਕੈਪਟਨ ਅਮਰਿੰਦਰ ਵਲੋਂ ਪਾਰਟੀ ਬਣਾਉਣ ਦੇ ਫ਼ੈਸਲੇ ਬਾਰੇ ਉਨ੍ਹਾਂ ਕਿਹਾ, “ਮੈਂ ਇਸ ਬਾਬਤ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੀ ਕਿਉਂਕਿ ਇਹ ਉਨ੍ਹਾਂ ਦਾ ਫ਼ੈਸਲਾ ਹੈ। ਮੈਂ ਉਨ੍ਹਾਂ ਦੀ ਇਜ਼ਤ ਕਰਦੀ ਹਾਂ। ਉਹ ਬਹੁਤ ਵਧੀਆ ਦੋਸਤ ਰਹੇ ਹਨ। ਇਸ ਵਿਸ਼ਾਲ ਸੰਸਾਰ ਵਿਚ ਉਨ੍ਹਾਂ ਨੇ ਮੈਨੂੰ ਆਪਣਾ ਦੋਸਤ ਬਣਾਉਣ ਲਈ ਚੁਣਿਆ ਹੈ। ਮੈਨੂੰ ਇਸ 'ਤੇ ਬਹੁਤ ਮਾਣ ਹੈ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਅਫ਼ਸੋਸ ਹੈ ਜਿਸ ਤਰ੍ਹਾਂ ਉਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਗਿਆ। ਮੈਂ ਉਨ੍ਹਾਂ ਲਈ ਚੰਗੀ ਕਾਮਨਾ ਕਰਦੀ ਹਾਂ। ਉਹ ਆਪਣੇ ਲਈ ਚੰਗਾ ਕਰਨਗੇ।”
ਸੋਨੀਆ ਗਾਂਧੀ ਬਾਰੇ ਬੋਲਦਿਆਂ ਅਰੂਸਾ ਆਲਮ ਨੇ ਕਿਹਾ, "ਮੈਂ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕਰਦੀ ਹਾਂ। ਮੈਂ ਉਨ੍ਹਾਂ ਅਤੇ ਕਾਂਗਰਸ ਲਈ ਚੰਗੀਆਂ ਭਾਵਨਾਵਾਂ ਰੱਖਦੀ ਹਾਂ ਕਿਉਂਕਿ ਮੈਂ ਭਾਰਤ-ਪਾਕਿ ਸਬੰਧਾਂ ਬਾਰੇ ਬਹੁਤ ਕੁਝ ਲਿਖਿਆ ਹੈ। ਕਾਂਗਰਸ ਨੂੰ ਪੰਜਾਬ ਵਿਚ ਭਾਰੀ ਬਹੁਮਤ ਮਿਲੀ ਸੀ ਪਰ ਹੁਣ ਉਹ ਦਿਸ਼ਾਹੀਣ ਹੈ।
ਆਲਮ ਨੇ ਨਵਜੋਤ ਕੌਰ ਸਿੱਧੂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿੱਧੂ ਦੇ ਸਹਿਯੋਗੀ ਮੁਹੰਮਦ ਮੁਸਤਫ਼ਾ 'ਤੇ ਵੀ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ਸਬੰਧੀ ਨਿਸ਼ਾਨਾ ਸਾਧਿਆ। ਆਲਮ ਨੇ ਕਿਹਾ, ''ਰਜ਼ੀਆ ਮੈਨੂੰ ਆਪਣੀ ਭੈਣ ਕਹਿ ਕੇ ਬੁਲਾਉਂਦੀ ਸੀ। ਮੁਸਤਫ਼ਾ ਨੇ ਵੀ ਅਜਿਹਾ ਹੀ ਕੀਤਾ। ਉਸ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਮੈਂ ਉਸ ਨੂੰ ਡੀਜੀਪੀ ਨਹੀਂ ਬਣਨ ਦਿਤਾ। ਉਹ ਮੇਰੇ ਵਿਰੁੱਧ ਇਹ ਨਰਾਜ਼ਗੀ ਰੱਖਦੇ ਹਨ ਜਦਕਿ ਇਹ UPSC ਸੀ ਜਿਸ ਨੇ ਪੈਨਲ ਦੀ ਚੋਣ ਕੀਤੀ ਸੀ। ਵੈਸੇ ਵੀ ਮੈਨੂੰ ਉਨ੍ਹਾਂ ਤੋਂ ਕੋਈ ਉਮੀਦ ਨਹੀਂ ਹੈ।''
ਇਹ ਕਹਿੰਦੇ ਹੋਏ ਕਿ ਉਹ ਇੱਕ ਸਾਲ ਤੋਂ ਵੱਧ ਸਮੇਂ ਵਿਚ ਭਾਰਤ ਨਹੀਂ ਆਈ ਹੈ, ਆਲਮ ਨੇ ਕਿਹਾ, ਨਵਜੋਤ ਕੌਰ ਸਿੱਧੂ ਕਹਿੰਦੇ ਹਨ ਕਿ ਮੈਂ ਪੈਸੇ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ ਹਾਂ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਸੰਭਵ ਹੈ? ਸੁਰੱਖਿਆ ਦੀਆਂ ਬਹੁਤ ਸਾਰੀਆਂ ਪਰਤਾਂ ਹਨ ਜਿਨ੍ਹਾਂ ਵਿਚੋਂ ਲੰਘਣਾ ਪੈਂਦਾ ਹੈ। ਨਾਲ ਹੀ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਫ਼ਰਾਰ ਨਹੀਂ ਹੋਈ ਸਗੋਂ ਮੈਂ ਘਰ ਵਾਪਸ ਆ ਗਈ ਹਾਂ।”