ਦਸਵੇਂ ਪਾਤਸ਼ਾਹ ਦਾ ਅੰਮ੍ਰਿਤ ਛਕਿਆ, ਡਰਦੀਆਂ ਨੀਂ, ਸਿਰ ’ਤੇ ਕਫਨ ਬੰਨ੍ਹ ਕੇ ਨਿਕਲੀਆਂ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਵੇਂ ਗੁਰੂ ਨੇ ਵੀ ਦਿੱਲੀ ’ਚ ਸੀਸ ਦਿਤਾ ਸੀ, ਅਸੀਂ ਵੀ ਜਾਨ ਦੇਣ ਤੋਂ ਪਿਛੇ ਨਹੀਂ ਹਟਾਂਗੀਆਂ

Delhi March

ਖਨੌਰੀ ਬਾਰਡਰ (ਚਰਨਜੀਤ ਸਿੰਘ ਸੁਰਖਾਬ) : ਕਿਸਾਨਾਂ ਨੂੰ ਦਿੱਲੀ ਕੂਚ ਤੋਂ ਰੋਕਣ ਦੀ ਰਣਨੀਤੀ ਹਰਿਆਣਾ ਸਰਕਾਰ ਨੂੰ ਪੁੱਠੀ ਪੈਣ ਲੱਗੀ ਹੈ। ਇਸ ਰੋਕ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਅਤੇ ਜੋਸ਼ ਸੱਤਵੇਂ ਅਸਮਾਨ ’ਚ ਪਹੁੰਚ ਚੁੱਕਾ ਹੈ। ਸਿਰਾ ’ਤੇ ਪੀਲੀਆਂ ਚੁੰਨੀਆਂ ਲੈ ਕੇ ਦਿੱਲੀ ਕੂਚ ’ਚ ਸ਼ਾਮਲ ਬੀਬੀਆਂ ਦਾ ਜੋਸ਼ ਅਤੇ ਜਜ਼ਬਾ ਵਾਕਈ ਬਾਕਮਾਲ ਹੈ। ਮਾਰਚ ਵਿਚ ਸ਼ਾਮਲ ਹਰ ਸ਼ਖ਼ਸ ਕੇਂਦਰ ਨਾਲ ਦੋ-ਦੋ ਹੱਥ ਕਰਨ ਲਈ ਤਤਪਰ ਜਾਪਿਆ।

ਸਿਰਾਂ ’ਤੇ ਪੀਲੀਆਂ ਚੁੰਨੀਆਂ ਲਈ ਮੋਦੀ ਸਰਕਾਰ ਨੂੰ ਲਲਕਾਰ ਰਹੀਆਂ ਬੀਬੀਆਂ ਦੇ ਸੰਘਰਸ਼ੀ ਬੋਲ ਕਿਸਾਨੀ ਘੋਲ ਨੂੰ ਖ਼ਾਲਸਾਈ ਰੰਗ ’ਚ ਰੰਗਦੇ ਵਿਖਾਈ ਦੇ ਰਹੇ ਹਨ। ਸਪੋਕਸਮੈਨ ਟੀਵੀ ਦੇ ਪੱਤਰਕਾਰ ਚਰਨਜੀਤ ਸਿੰਘ ਸੁਰਖਾਬ ਵਲੋਂ ਖਨੌਰੀ ਬਾਰਡਰ ਵਿਖੇ ਗਰਾਊਂਡ ਲੈਵਲ ’ਤੇ ਜਾ ਕੇ ਦਿੱਲੀ ਵੱਲ ਜਾ ਰਹੀਆਂ ਬੀਬੀਆਂ ਨਾਲ ਗੱਲਬਾਤ ਕੀਤੀ। 

ਹਕੂਮਤੀ ਰੋਕਾਂ ਅਤੇ ਔਖੇ ਪੈਂਡੇ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਬੀਬੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਔਖ ਮਹਿਸੂਸ ਨਹੀਂ ਹੋ ਰਹੀ ਜਦਕਿ ਔਖ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਹੋਣ ਵਾਲੀ ਹੈ, ਜਿਸ ਨੇ ਸਾਡੇ ਢਿੱਡ ’ਤੇ ਲੱਤ ਮਾਰੀ ਹੈ। ਕੇਂਦਰ ਦੇ ਕੀਰਨੇ ਪਾਉਂਦਿਆਂ ਬੀਬੀਆਂ ਨੇ ਕਿਹਾ ਕਿ ਉਹ ਸਿਰਾਂ ’ਤੇ ਚੁੰਨੀਆਂ ਨਹੀਂ, ਕਫਨ ਬੰਨ੍ਹ ਕੇ ਘਰੋਂ ਤੁਰੀਆਂ ਹਨ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।

ਹਰਿਆਣਾ ਸਰਕਾਰ ਵਲੋਂ ਅਪਣੀ ਹੱਦ ’ਤੇ ਕੀਤੇ ਸਖ਼ਤ ਪ੍ਰਬੰਧਾਂ ਸਬੰਧੀ ਪੁਛਣ ’ਤੇ ਬੀਬੀਆਂ ਨੇ ਕਿਹਾ ਕਿ ਸਖ਼ਤੀ ਤਾਂ ਸਿੱਖ ਗੁਰੂਆਂ ’ਤੇ ਵੀ ਬੜੀ ਹੋਈ ਸੀ, ਸਾਹਿਬਜ਼ਾਦਿਆਂ ’ਤੇ ਵੀ ਸਮੇਂ ਦੀਆਂ ਹਕੂਮਤਾਂ ਨੇ ਬੜੀ ਸਖ਼ਤੀ ਕੀਤੀ ਸੀ। ਹੱਕਾਂ ਦੀ ਲੜਾਈ ’ਚੋਂ ਨਾ ਹੀ ਸਾਡੇ ਗੁਰੂ ਪਿੱਛੇ ਹਟੇ ਸੀ ਅਤੇ ਨਾ ਹੀ ਅਸੀਂ ਪਿੱਛੇ ਹਟਣ ਵਾਲੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਦਸਵੇਂ ਪਾਤਸ਼ਾਹ ਦਾ ਅੰਮਿ੍ਰਤ ਛਕਿਆ ਹੈ। ਸਿੱਖ ਬੀਬੀਆਂ ਤਾਂ ਗਲੇ ਵਿਚ ਬੱਚਿਆਂ ਤੇ ਟੋਟੇ ਪੁਆ ਕੇ ਵੀ ਨਹੀਂ ਸੀ ਡੋਲੀਆ, ਸਰਕਾਰਾਂ ਵਲੋਂ ਕੀਤੀਆਂ ਜਾ ਰਹੀਆਂ ਸਖ਼ਤੀਆਂ ਅਤੇ ਔਖੇ ਪੈਂਡੇ ਉਨ੍ਹਾਂ ਦੇ ਇਰਾਦਿਆਂ ਨੂੰ ਡੁਲਾ ਨਹੀਂ ਸਕਦੇ। ਬੀਬੀਆਂ ਮੁਤਾਬਕ ਨੌਵੇਂ ਪਾਤਸ਼ਾਹ ਨੇ ਵੀ ਦਿੱਲੀ ਜਾ ਕੇ ਸੀਸ ਦਿਤਾ ਸੀ, ਜੇਕਰ ਸਾਨੂੰ ਵੀ ਦਿੱਲੀ ਵਿਚ ਜਾਨ ਦੇਣੀ ਪਈ ਤਾਂ ਪਿਛੇ ਨਹੀਂ ਹਟਣਗੀਆਂ। 

ਸਿਰਾਂ ’ਤੇ ਭਾਰੇ ਬੈਗ ਅਤੇ ਹੱਥਾਂ ’ਚ ਝੰਡੇ ਫੜੀ ਦਿੱਲੀ ਕੂਚ ਕਰ ਰਹੀਆਂ ਬੀਬੀਆਂ ਨੇ ਸਿਰਾਂ ਦੇ ਭਾਰ ਅਤੇ ਔਖੇ ਪੈਂਡਿਆਂ ਸਬੰਧੀ ਪੁਛਣ ’ਤੇ ਕਿਹਾ ਭਾਵੇਂ ਸਾਡੇ ਗੋਡੇ ਦੁੱਖ ਰਹੇ ਹਨ ਅਤੇ ਤੁਰਨ ’ਚ ਔਖਿਆਈ ਮਹਿਸੂਸ ਹੋ ਰਹੀ ਹੈ, ਪਰ ਉਹ ਮਰ ਭਾਵੇਂ ਜਾਣ ਪਰ ਖੇਤੀ ਕਾਨੂੰਨ ਵਾਪਸ ਕਰਵਾਏ ਬਿਨਾਂ ਵਾਪਸ ਨਹੀਂ ਪਰਤਣਗੀਆਂ। ਹਰਿਆਣਾ ਸਰਕਾਰ ਵਲੋਂ ਬਣਾਏ ਗਏ ਮਿੱਟੀ ਦੇ ਵੱਡੇ ਟਿੱਲੇ, ਪੱਥਰਾਂ ਅਤੇ ਸਖ਼ਤ ਬੈਰੀਗੇਡ ਵਰਗੀਆਂ ਰੋਕਾਂ ਨੂੰ ਕਿਵੇਂ ਪਾਰ ਕੀਤਾ ਜਾਵੇਗਾ, ਸਬੰਧੀ ਪੁਛਣ ’ਤੇ ਬੀਬੀਆਂ ਨੇ ਕਿਹਾ ਕਿ ਕੋਈ ਵੀ ਅੜਚਣ ਉਨ੍ਹਾਂ ਦਾ ਰਸਤਾ ਨਹੀਂ ਰੋਕ ਸਕਦੀ।

ਉਨ੍ਹਾਂ ਕਿਹਾ ਕਿ ਉਹ ਹਰ ਔਕੜ ਨੂੰ ਪਾਰ ਕਰਦਿਆਂ ਦਿੱਲੀ ਹਰ ਹਾਲਤ ਵਿਚ ਜਾਣਗੀਆਂ। ਧਰਨੇ ਵਿਚ ਸ਼ਾਮਲ ਛੋਟੀ ਬੱਚੀ ਨੇ ਡਰ ਲੱਗਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਲੱਗ ਰਿਹਾ ਤੇ ਉਹ ਮੋਦੀ ਵਲੋਂ ਬਣਾਏ ਗਏ ਕਾਨੂੰਨ ਵਾਪਸ ਕਰਵਾਉਣ ਲਈ ਦਿੱਲੀ ਜਾ ਰਹੀ ਹੈ। ਛੋਟੀ ਬੱਚੀ ਨੂੰ ਔਖੇ ਸੰਘਰਸ਼ੀ ਪੈਂਡਿਆਂ ’ਤੇ ਨਾਲ ਲਿਜਾਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਬੱਚੀ ਦੀ ਮਾਤਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਉਮਰ ਵੀ ਤਾਂ ਛੋਟੀ ਹੀ ਸੀ, ਜਦੋਂ ਸਾਹਿਬਜ਼ਾਦੇ ਸਮੇਂ ਦੀਆਂ ਹਕੂਮਤਾਂ ਨਾਲ ਲੋਹਾ ਲੈ ਸਕਦੇ ਹਾਂ ਤਾਂ ਸਾਡੇ ਬੱਚੇ ਕਿਉਂ ਨਹੀਂ?    

https://www.facebook.com/watch/?v=741105443469442