ਘੁਸਪੈਠ ਦੀ ਕੋਸ਼ਿਸ਼! ਅੰਮ੍ਰਿਤਸਰ ਕੌਮਾਂਤਰੀ ਸਰਹੱਦ ’ਤੇ ਫਿਰ ਡਰੋਨ ਦੀ ਦਸਤਕ, ਪਠਾਨਕੋਟ ਸਰਹੱਦ ਨੇੜੇ ਦਿਖੇ 2 ਸ਼ੱਕੀ
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੀ ਚੌਕੀ ਦਾਉਕੇ ਵਿਖੇ ਰਾਤ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ।
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬੀਤੀ ਰਾਤ ਘੁਸਪੈਠ ਦੀਆਂ ਕੋਸ਼ਿਸ਼ਾਂ ਹੋਈਆਂ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਡਰੋਨ ਨੂੰ ਡੇਗਣ ਅਤੇ ਦੋ ਸ਼ੱਕੀਆਂ ਨੂੰ ਵਾਪਸ ਭਜਾਉਣ ਵਿਚ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੀ ਚੌਕੀ ਦਾਉਕੇ ਵਿਖੇ ਰਾਤ 10 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਗਸ਼ਤ ਕਰ ਰਹੇ ਬੀਐਸਐਫ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਖੇਤਾਂ ਵਿਚ ਡਿੱਗਿਆ ਡਰੋਨ ਬਰਾਮਦ ਕਰ ਲਿਆ। 8-ਪ੍ਰੋਪੈਲਰ (ਵਿੰਗ) ਵਾਲਾ ਆਕਟਾ-ਕਾਪਟਰ ਇਕ DJI ਮੈਟ੍ਰਿਕਸ ਹੈ, ਜਿਸ ਦੀ ਵਰਤੋਂ ਵੱਡੀਆਂ ਖੇਪਾਂ ਨੂੰ ਸਰਹੱਦ ਪਾਰ ਪਹੁੰਚਾਉਣ ਲਈ ਕੀਤੀ ਜਾਂਦੀ ਹੈ।
ਦੂਜੇ ਪਾਸੇ ਬਮਿਆਲ ਸੈਕਟਰ ਅਧੀਨ ਆਉਂਦੇ ਬੀਓਪੀ ਪਹਾੜੀਪੁਰ ਅਤੇ ਤਾਸ਼ ਦੇ ਵਿਚਕਾਰ 6 ਵਜੇ ਦੇ ਕਰੀਬ ਪਾਕਿਸਤਾਨ ਵਲ਼ੋਂ ਭਾਰਤ ਵੱਲ ਕੁਝ ਸੁੱਟਣ ਦੀ ਕੋਸ਼ਿਸ਼ ਕਰਦੇ ਦੋ ਸ਼ੱਕੀ ਦੇਖੇ ਗਏ। ਮੌਕੇ 'ਤੇ ਮੌਜੂਦ ਬੀਐਸਐਫ ਜਵਾਨਾਂ ਵਲੋਂ ਏਕੇ-47 ਦੇ 7 ਦੇ ਕਰੀਬ ਫਾਇਰ ਕੀਤੇ ਗਏ, ਜਿਸ ਦੇ ਚਲਦੇ ਉਹ ਵਾਪਸ ਭੱਜਦੇ ਦੇਖੇ ਗਏ।