ਕੁਝ ਨਹੀਂ ਹੋਵੇਗਾ ਪਾਕਿ ’ਚ ਫੜੇ ਗਏ ਭਾਰਤੀ ਪਾਇਲਟ ਨੂੰ, ਜਾਣੋ ਵਜ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਭਾਰਤ ਦੇ ਸਰਹੱਦੀ ਇਲਾਕੇ ਵਿਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਘੁਸਪੈਠ ਕੀਤੀ। ਜਵਾਬੀ ਕਾਰਵਾਈ ਵਿਚ ਭਾਰਤ ਨੇ ਇਕ ਪਾਕਿਸਤਾਨੀ...

Indian Air Force Aircraft

ਚੰਡੀਗੜ੍ਹ : ਅੱਜ ਭਾਰਤ ਦੇ ਸਰਹੱਦੀ ਇਲਾਕੇ ਵਿਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਘੁਸਪੈਠ ਕੀਤੀ। ਜਵਾਬੀ ਕਾਰਵਾਈ ਵਿਚ ਭਾਰਤ ਨੇ ਇਕ ਪਾਕਿਸਤਾਨੀ ਫਾਈਟਰ ਜੈੱਟ ਨੂੰ ਮਾਰ ਸੁੱਟਿਆ ਪਰ ਇਸ ਦੌਰਾਨ ਭਾਰਤ ਦੇ ਇਕ ਫਾਈਟਰ ਪਲੇਨ ਉਤੇ ਪਾਕਿਸਤਾਨ ਨੇ ਹਮਲਾ ਕੀਤਾ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਦਾ ਇਕ ਪਾਇਲਟ ਉਨ੍ਹਾਂ ਦੇ ਕਬਜ਼ੇ ਵਿਚ ਹੈ। ਭਾਰਤ ਸਰਕਾਰ ਨੇ ਇਕ ਪਾਇਲਟ  ਦੇ ਲਾਪਤਾ ਹੋਣ ਦੀ ਗੱਲ ਸਵੀਕਾਰ ਕੀਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਭਾਰਤ ਦੀ ਏਅਰਸਟਰਾਈਕ ਦੇ ਜਵਾਬ ਵਿਚ ਪਾਕਿਸਤਾਨ ਨੇ ਐਕਸ਼ਨ ਲਿਆ। ਇਸ ਤੋਂ ਬਾਅਦ ਭਾਰਤ ਨੇ ਉਨ੍ਹਾਂ ਦੇ ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ। ਹਾਲਾਂਕਿ, ਇਸ ਕਾਰਵਾਈ ਵਿਚ ਭਾਰਤ ਦਾ ਇਕ ਮਿਗ ਜਹਾਜ਼ ਤਬਾਹ ਹੋ ਗਿਆ ਹੈ ਅਤੇ ਸਾਡਾ ਇਕ ਪਾਇਲਟ ਲਾਪਤਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਅਜਿਹੇ ਵਿਚ ਦੱਸ ਦਈਏ ਕਿ ਕੀ ਹਨ ਲੜਾਈ ਬੰਦੀਆਂ ਲਈ ਨਿਯਮ, ਅੰਤਰਰਾਸ਼ਟਰੀ ਜਨੇਵਾ ਸੰਧੀ ਵਿਚ ਯੁੱਧਬੰਦੀਆਂ ਨੂੰ ਲੈ ਕੇ ਨਿਯਮ ਬਣਾਏ ਗਏ ਹਨ। ਇਸ ਦੇ ਤਹਿਤ ਯੁੱਧਬੰਦੀਆਂ ਨੂੰ ਡਰਾਉਣ-ਧਮਕਾਉਣ ਦਾ ਕੰਮ ਜਾਂ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕੀਤੀ ਜਾ ਸਕਦੀ। ਯੁੱਧਬੰਦੀਆਂ ਨੂੰ ਲੈ ਕੇ ਜਨਤਾ ਵਿਚ ਬੇਸਬਰੀ ਪੈਦਾ ਵੀ ਨਹੀਂ ਕਰਨਾ ਹੈ। ਜਨੇਵਾ ਸੰਧੀ ਦੇ ਮੁਤਾਬਕ, ਯੁੱਧਬੰਦੀਆਂ ਉਤੇ ਜਾਂ ਤਾਂ ਮੁਕੱਦਮਾ ਚਲਾਇਆ ਜਾਵੇਗਾ ਜਾਂ ਫਿਰ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਸੌਂਪ ਦਿਤਾ ਜਾਵੇਗਾ।

ਫੜੇ ਜਾਣ ਉਤੇ ਯੁੱਧਬੰਦੀਆਂ ਨੂੰ ਅਪਣਾ ਨਾਮ, ਫ਼ੌਜੀ ਅਹੁਦੇ ਅਤੇ ਨੰਬਰ ਦੱਸਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਹਾਲਾਂਕਿ, ਦੁਨੀਆਂ ਦੇ ਕੁਝ ਦੇਸ਼ਾਂ ਨੇ ਜਨੇਵਾ ਸੰਧੀ ਦੀ ਉਲੰਘਣਾ ਵੀ ਕੀਤੀ ਹੈ। ਜਿਨੇਵਾ ਸੰਧੀ ਦਾ ਆਮ ਤੌਰ ’ਤੇ ਮਤਲਬ ਦੂਜੇ ਵਿਸ਼ਵ ਯੁੱਧ ਤੋਂ ਬਾਅਦ 1949 ਵਿਚ ਤਿਆਰ ਕੀਤੀ ਗਈ ਸੰਧੀ ਅਤੇ ਨਿਯਮਾਂ ਤੋਂ ਹੈ। ਇਸ ਦਾ ਮੁੱਖ ਮਕਸਦ ਲੜਾਈ ਦੇ ਸਮੇਂ ਇਨਸਾਨੀ ਕਦਰਾਂ-ਕੀਮਤਾਂ ਨੂੰ ਬਣਾਏ ਰੱਖਣ ਲਈ ਕਾਨੂੰਨ ਤਿਆਰ ਕਰਨਾ ਸੀ।