ਪੰਜਾਬ ਸਰਕਾਰ ਵਲੋਂ ਪਾਕਿ ਜਾਂਦੇ ਪਾਣੀ ਨੂੰ ਰੋਕਣ ਲਈ ਕੇਂਦਰ ਪਾਸੋਂ 412 ਕਰੋੜ ਰੁਪਏ ਦੀ ਮੰਗ
ਪੰਜਾਬ ਸਰਕਾਰ ਨੇ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕ ਕੇ ਸੂਬੇ ਦੀਆਂ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਮਕੋਡਾ ਪੱਤਣ ਉਤੇ ਨਵਾਂ...
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕ ਕੇ ਸੂਬੇ ਦੀਆਂ ਸਿੰਚਾਈ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਮਕੋਡਾ ਪੱਤਣ ਉਤੇ ਨਵਾਂ ਡੈਮ ਉਸਾਰਨ ਲਈ ਕੇਂਦਰ ਸਰਕਾਰ ਤੋਂ 412 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਜਲ ਸਰੋਤਾਂ ਬਾਰੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਕੇਂਦਰੀ ਜਲ ਸ੍ਰੋਤ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਦੱਸਿਆ
ਕਿ ਰਾਵੀ ਅਤੇ ਉਝ ਦਰਿਆਵਾਂ ਦੇ ਸੰਗਮ ਵਾਲੇ ਸਥਾਨ ਉਤੇ ਬਣਾਏ ਜਾਣ ਵਾਲੇ ਇਸ ਡੈਮ ਨਾਲ ਪਾਕਿਸਤਾਨ ਨੂੰ ਜਾਣ ਵਾਲੇ ਤਕਰੀਬਨ 600 ਕਿਉਸਿਕ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ। ਬਾਜਵਾ ਅਤੇ ਸਰਕਾਰੀਆ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਡੈਮ ਤੋਂ ਸੱਤ ਕਿਲੋਮੀਟਰ ਲੰਬੀ ਨਵੀਂ ਨਹਿਰ ਕੱਢ ਕੇ ਇਹ ਪਾਣੀ ਕਲਾਨੌਰ-ਰਮਦਾਸ ਨਹਿਰੀ ਪ੍ਰਣਾਲੀ ਵਿਚ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਨਵੀਂ ਸਿੰਚਾਈ ਪ੍ਰਣਾਲੀ ਉਸਾਰਨ ਨਾਲ ਸਰਹੱਦੀ ਖੇਤਰ ਵਿਚ ਪੈਂਦੇ ਸਿੰਚਾਈ ਸਹੂਲਤ ਤੋਂ ਸੱਖਣੇ ਤਕਰੀਬਨ ਇਕ ਲੱਖ ਏਕੜ ਕਰਬੇ ਨੂੰ ਸਿੰਜਿਆ ਜਾ ਸਕੇਗਾ।
ਇਸ ਤੋਂ ਇਲਾਵਾ ਸਰਹੱਦੀ ਖੇਤਰ ਦੇ ਤਕਰੀਬਨ 100 ਪਿੰਡਾਂ ਅਤੇ 6 ਕਸਬਿਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇਗਾ। ਪੰਜਾਬ ਦੇ ਮੰਤਰੀਆਂ ਨੇ ਗਡਕਰੀ ਨੂੰ ਇਸ ਪ੍ਰਾਜੈਕਟ ਨੂੰ ਕੌਮੀ ਪ੍ਰਾਜੈਕਟ ਵਜੋਂ ਤੁਰਤ ਪ੍ਰਵਾਨਗੀ ਦੇ ਕੇ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਤਾਂ ਕਿ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਪਾਕਿਸਤਾਨ ਨੂੰ ਅਜਾਈੰ ਜਾ ਰਹੇ ਦਰਿਆਈ ਪਾਣੀ ਨੂੰ ਰੋਕ ਕੇ ਦੇਸ਼ ਦੇ ਹਿੱਤ ਵਿਚ ਵਰਤਿਆ ਜਾ ਸਕੇ।
ਨਿਤਿਨ ਗਡਕਰੀ ਨੇ ਇਸ ਤਜਵੀਜ਼ ਨਾਲ ਸਿਧਾਂਤਕ ਸਹਿਮਤੀ ਪ੍ਰਗਟਾਉਂਦਿਆਂ ਇਸ ਸਕੀਮ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਬਣਾਕੇ ਭੇਜਣ ਲਈ ਕਿਹਾ ਤਾਂ ਜੋ ਇਸ ਕੌਮੀ ਹਿੱਤ ਵਾਲੇ ਪ੍ਰਾਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਇਸ ਦਾ ਸਾਰੇ ਪੱਖਾਂ ਤੋਂ ਤਕਨੀਕੀ ਨਿਰੀਖਣ ਕਰਵਾਇਆ ਜਾ ਸਕੇ।
ਇਸ ਤੋਂ ਇਲਾਵਾ ਦੋਵਾਂ ਕੈਬਨਿਟ ਮੰਤਰੀਆਂ ਵਲੋਂ ਅੱਪਰ ਬਾਹਰੀ ਦੁਆਬ ਨਹਿਰ ਨੂੰ ਮਜ਼ਬੂਤ ਕਰਕੇ ਇਸ ਦੀ ਸਮਰੱਥਾ ਵਧਾਉਣ ਦੇ
ਕੇਂਦਰ ਵਲੋਂ ਪਹਿਲਾਂ ਹੀ ਪ੍ਰਵਾਨ ਕੀਤੇ ਜਾ ਚੁੱਕੇ ਪ੍ਰਾਜੈਕਟ 'ਤੇ ਕੇਂਦਰ ਤੇ ਸੂਬਾ ਸਰਕਾਰ ਵਲੋਂ ਕੀਤੇ ਜਾਣ ਵਾਲੇ ਖਰਚ ਲਾਗਤ ਪੈਟਰਨ ਨੂੰ ਜਲਦ ਤੋਂ ਜਲਦ ਮਿੱਥਣ ਲਈ ਵੀ ਕੇਂਦਰੀਂ ਮੰਤਰੀ ਨੂੰ ਆਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਨਹਿਰ ਤਹਿਤ ਆਉਂਦੇ 5.13 ਲੱਖ ਹੈਕਟੇਅਰ ਰਕਬੇ ਵਿਚੋਂ ਹੁਣ ਕੇਵਲ 2.76 ਲੱਖ ਹੈਕਟੇਅਰ ਰਕਬੇ ਨੂੰ ਹੀ ਸਿੰਚਾਈ ਖਾਤਰ ਪਾਣੀ ਮੁਹੱਈਆ ਹੋ ਰਿਹਾ ਹੈ। ਇਸ ਨਵੇਂ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਇਸ ਨਹਿਰ ਸਿਸਟਮ ਦੀ ਸਮਰੱਥਾ ਵਿਚ ਹੋਣ ਵਾਲੇ ਵਾਧੇ ਨਾਲ ਬਾਕੀ ਰਹਿੰਦੇ ਰਕਬੇ ਨੂੰ ਵੀ ਨਹਿਰੀ ਸਿੰਚਾਈ ਵਿਵਸਥਾ ਤਹਿਤ ਲਿਆਂਦਾ ਜਾ ਸਕੇਗਾ।
ਬਾਜਵਾ ਅਤੇ ਸਰਕਾਰੀਆ ਨੇ ਗਡਕਰੀ ਨੂੰ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਵਲੋਂ ਨਵੀਂ ਦਿੱਲੀ ਤੋਂ ਕੱਟੜਾ ਤੱਕ ਬਣਾਏ ਜਾਣ ਵਾਲੇ ਐਕਸਪ੍ਰੈਸ ਹਾਈਵੇ ਨੂੰ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਅਤੇ ਕਲਾਨੌਰ ਰਾਹੀਂ ਕੱਢਣ ਦੀ ਵੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਐਕਸਪ੍ਰੈਸ ਵੇਅ ਦੇ ਡੇਰਾ ਬਾਬਾ ਨਾਨਕ ਵਿਚੋਂ ਲੰਘਣ ਨਾਲ ਇਸ ਨੂੰ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਬਣਨ ਵਾਲੇ ਨਵੇਂ ਕਾਰੀਡੋਰ ਨਾਲ ਵੀ ਜੋੜਿਆ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਇਸ ਕਾਰੀਡੋਰ ਦੇ ਇਸ ਵਰ੍ਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁਕੰਮਲ ਹੋਣ ਨਾਲ ਹਰ ਰੋਜ਼ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਇਆ ਕਰਨਗੇ ਅਤੇ ਇਹ ਐਕਸਪ੍ਰੈਸ ਵੇਅ ਬਣਨ ਨਾਲ ਸ਼ਰਧਾਲੂਆਂ ਨੂੰ ਸਹੂਲਤ ਮਿਲਣ ਦੇ ਨਾਲ-ਨਾਲ ਸਰਹੱਦੀ ਖੇਤਰ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਏਗਾ।
ਗਡਕਰੀ ਨੇ ਇਸ ਤਜਵੀਜ਼ ਨਾਲ ਸਿਧਾਂਤਕ ਤੌਰ 'ਤੇ ਸਹਿਮਤ ਹੁੰਦਿਆਂ ਅਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਐਕਸਪ੍ਰੈਸ ਵੇਅ ਦੀ ਪਹਿਲੀ ਅਤੇ ਇਸ ਨਵੀਂ ਤਜਵੀਜ਼ ਦੇ ਖਰਚੇ ਸਬੰਧੀ ਤੁਲਨਾਤਮਕ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ।