ਇਕਲੌਤੀ ਧੀ ਸਵੀਟੀ ਦੇ ਯੂਕਰੇਨ 'ਚ ਫਸਣ ਕਾਰਨ ਮਾਂ-ਬਾਪ ਦੀ ਵਧੀ ਚਿੰਤਾ
ਰੂਸ ਵਲੋਂ ਯੂਕਰੇਨ ’ਤੇ ਹਮਲਾ ਕਰਨ ਮਗਰੋਂ ਪੈਦਾ ਹੋਏ ਹਾਲਾਤ ਨੂੰ ਲੈ ਕੇ ਹਰ ਕੋਈ ਪਰੇਸ਼ਾਨ ਹੈ।
ਲੁਧਿਆਣਾ (ਰਾਜਵਿੰਦਰ ਸਿੰਘ): ਰੂਸ ਵਲੋਂ ਯੂਕਰੇਨ ’ਤੇ ਹਮਲਾ ਕਰਨ ਮਗਰੋਂ ਪੈਦਾ ਹੋਏ ਹਾਲਾਤ ਨੂੰ ਲੈ ਕੇ ਹਰ ਕੋਈ ਪਰੇਸ਼ਾਨ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਵੀ ਯੂਕਰੇਨ ਵਿਚ ਫਸੇ ਹੋਏ ਹਨ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਸਵੀਟੀ ਵਿਚ ਜੰਗ ਪ੍ਰਭਾਵਿਤ ਯੂਕਰੇਨ ਵਿਚ ਫਸੀ ਹੋਈ ਹੈ। ਸਵੀਟੀ ਅਪਣੇ ਮਾਪਿਆਂ ਦੀ ਇਕਲੌਤੀ ਧੀ ਹੈ।
Mother of Ludhiana Girl in Ukraine
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਵੀਟੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਚਾਰ ਸਾਲ ਤੋਂ ਯੂਕਰੇਨ ਵਿਚ ਪੜ੍ਹਾਈ ਕਰ ਰਹੀ ਹੈ। ਰੂਸ ਵਲੋਂ ਯੂਕਰੇਨ ’ਤੇ ਹਮਲਾ ਕਰਨ ਮਗਰੋਂ ਉਹ ਬੰਕਰ ਵਿਚ ਲੁਕ ਕੇ ਅਪਣੀ ਜਾਨ ਬਚਾ ਰਹੇ ਹਨ। ਉਹ ਲਗਾਤਾਰ ਅਪਣੀ ਬੇਟੀ ਨਾਲ ਸੰਪਰਕ ਵਿਚ ਹਨ। ਉਹਨਾਂ ਦੱਸਿਆ ਕਿ ਸਵੀਟੀ ਸਮੇਤ ਹੋਰ ਭਾਰਤੀ ਵਿਦਿਆਰਥੀ ਵੀ ਉੱਥੇ ਫਸੇ ਹੋਏ ਹਨ। ਬੰਕਰ ਵਿਚ ਕਰੀਬ 200 ਵਿਦਿਆਰਥੀ ਰਹਿ ਰਹੇ ਹਨ।
Parents of Ludhiana Girl in Ukraine
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਸੁਰੱਖਿਅਤ ਹੈ ਅਤੇ ਉਹਨਾਂ ਨੇ ਪਹਿਲਾਂ ਹੀ ਖਾਣ-ਪੀਣ ਦਾ ਸਮਾਨ ਇਕੱਠਾ ਕਰਕੇ ਅਪਣੇ ਕੋਲ ਰੱਖ ਲਿਆ ਸੀ। ਸਵੀਟੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਵਲੋਂ 27 ਫਰਵਰੀ ਦੀ ਟਿਕਟ ਬੁੱਕ ਕੀਤੀ ਹੋਈ ਸੀ ਪਰ ਹਾਲਾਤ ਖ਼ਰਾਬ ਹੋਣ ਕਾਰਨ ਹਵਾਈ ਅੱਡੇ ਬੰਦ ਹੋ ਗਏ।
Photo
ਸਵੀਟੀ ਨੇ ਅਪਣੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਰਾਤ ਸਮੇਂ ਧਮਾਕਿਆਂ ਦੀ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਹਨ, ਜਿਸ ਕਾਰਨ ਵਿਦਿਆਰਥੀ ਕਾਫੀ ਡਰੇ ਹੋਏ ਹਨ। ਉਹਨਾਂ ਦੱਸਿਆ ਕਿ ਉਹ ਯੂਕਰੇਨ ਵਿਚ ਫਸੇ ਹੋਰ ਬੱਚਿਆਂ ਦੇ ਮਾਪਿਆਂ ਨਾਲ ਵੀ ਸੰਪਰਕ ਵਿਚ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਸ ਥਾਂ ਤੋਂ ਬੱਚਿਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ, ਉਹਨਾਂ ਦੀ ਬੇਟੀ ਉਸ ਖੇਤਰ ਤੋਂ ਬਹੁਤ ਦੂਰ ਹੈ। ਇਸ ਲਈ ਸਰਕਾਰ ਨੂੰ ਕੋਈ ਹੋਰ ਰਸਤਾ ਲੱਭ ਕੇ ਬੱਚਿਆਂ ਨੂੰ ਭਾਰਤ ਲਿਆਉਣਾ ਚਾਹੀਦਾ ਹੈ।