ਯੂਕਰੇਨ 'ਚ ਫਸਿਆ ਜ਼ਿਲ੍ਹਾ ਤਰਨਤਾਰਨ ਦਾ ਤਰਨਦੀਪ ਸਿੰਘ,ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਗ ਪ੍ਰਭਾਵਿਤ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ।

Tarndeep Singh of Tarn Taran district Stuck in Ukraine

 

ਤਰਨਤਾਰਨ (ਜਸਬੀਰ ਸਿੰਘ ਛੀਨਾ): ਜੰਗ ਪ੍ਰਭਾਵਿਤ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਬਾਵਜੂਦ ਅਜੇ ਵੀ ਕਈ ਵਿਦਿਆਰਥੀ ਉੱਥੇ ਫਸੇ ਹੋਏ ਹਨ, ਜਿਨ੍ਹਾਂ ਦੇ ਮਾਪੇ ਬੇਹੱਦ ਚਿੰਤਤ ਹਨ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਦੇ ਵਿਗਿਆਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਕੁਝ ਦਿਨ ਪਹਿਲਾਂ 21 ਫਰਵਰੀ ਨੂੰ ਹੀ 6 ਸਾਲ ਲਈ ਮੈਡੀਕਲ ਦੀ ਪੜ੍ਹਾਈ ਕਰਨ ਯੂਕਰੇਨ ਗਿਆ ਸੀ ਪਰ ਜੰਗ ਹੋਣ ਕਾਰਨ ਉਹ ਉੱਥੇ ਫਸਿਆ ਹੋਇਆ ਹੈ।

Tarandeep Singh's Father

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਯੂਕਰੇਨ ਵਿਚ ਫਸੇ ਉਹਨਾਂ ਦੇ ਇਕਲੌਤੇ ਲੜਕੇ ਅਤੇ ਉਸ ਦੇ ਸਾਥੀਆਂ ਕੋਲ ਖਾਣ-ਪੀਣ ਦੇ ਸਮਾਨ ਅਤੇ ਗਰਮ ਕੱਪੜਿਆਂ ਦੀ ਕਮੀ ਹੈ। ਠੰਢ ਹੋਣ ਕਾਰਨ ਬੱਚੇ ਕਾਫੀ ਮੁਸ਼ਕਲ ਦਾ ਸਾਹਣਾ ਕਰ ਰਹੇ ਹਨ। ਸਰਕਾਰਾਂ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਵਿਗਿਆਨ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਵਿਦਿਆਰਥੀ ਬਾਹਰ ਜਾ ਰਹੇ ਹਨ, ਇੱਥੇ ਸਿਰਫ ਨਸ਼ੇ ਹਨ।


Tarndeep Singh of Tarn Taran district Stuck in Ukraine

ਜੇਕਰ ਨਸ਼ੇ ਖ਼ਿਲਾਫ਼ ਕੋਈ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ।  ਇੱਥੇ ਨੌਜਵਾਨਾਂ ਨੂੰ ਨਸ਼ੇ ਮਿਲ ਸਕਦੇ ਹਨ ਪਰ ਨੌਕਰੀ ਨਹੀਂ ਮਿਲ ਸਕਦੀ। ਇਸ ਵਿਚ ਸਰਕਾਰਾਂ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਹੈ। ਇਸੇ ਡਰ ਕਾਰਨ ਮਾਪੇ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ਉਹਨਾਂ ਦੱਸਿਆ ਕਿ ਅਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ ਉਹਨਾਂ ਦਾ 10 ਲੱਖ ਤੱਕ ਖਰਚਾ ਆਇਆ ਸੀ।

Tarandeep Singh's Father

ਤਰਨਦੀਪ ਸਿੰਘ ਨੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਬੰਕਰਾਂ ਵਿਚ ਲੁਕ ਕੇ ਅਪਣੀ ਜਾਨ ਬਚਾ ਰਹੇ ਹਨ। ਵਿਗਿਆਨ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਧੀਆ ਉਪਰਾਲਾ ਕਰਕੇ ਉਹਨਾਂ ਦੇ ਬੇਟੇ ਨੂੰ ਵਾਪਸ ਲਿਆਂਦਾ ਜਾਵੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਥੇ ਵਧੀਆ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮਾਪੇ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਨਾ ਹੋਣ।