ਪਠਾਨਕੋਟ ਕੈਂਟ ਤੇ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ, ਵਧਾਈ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈ.ਐਸ.ਆਈ.ਐਸ. ਵਲੋਂ ਪਠਾਨਕੋਟ ਦੇ ਕੈਂਟ ਤੇ ਸਿਟੀ ਰੇਲਵੇ ਸਟੇਸ਼ਨ ਨੂੰ ਬਣਾਇਆ ਜਾ ਸਕਦਾ ਹੈ ਨਿਸ਼ਾਨਾ

Pathankot Railway Station

ਪਠਾਨਕੋਟ: ਖ਼ੁਫ਼ੀਆ ਏਜੰਸੀਆਂ ਨੂੰ ਪਠਾਨਕੋਟ ਕੈਂਟ ਤੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਇਨਪੁੱਟ ਮਿਲੀ ਹੈ। ਇਸ ਮਗਰੋਂ ਸੁਰੱਖਿਆ ਏਜੰਸੀਆਂ ਨੇ ਪਠਾਨਕੋਟ ਦੇ ਦੋਵਾਂ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾਉਣ ਦੀ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਜੀ.ਆਰ.ਪੀ. ਨੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਠਾਨਕੋਟ ਕੈਂਟ ਤੇ ਸਿਟੀ ਸਟੇਸ਼ਨ ਦੀ ਸੁਰੱਖਿਆ ਵਧਾਈ ਜਾਵੇ ਤੇ ਨਾਲ ਹੀ ਰੇਲਵੇ ਸਟੇਸ਼ਨਾਂ ਤੇ ਆਸ-ਪਾਸ ਦੇ ਖੇਤਰ ਵਿਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਜਾਵੇ।

ਇਸ ਤੋਂ ਇਲਾਵਾ ਲਾਵਾਰਿਸ ਚੀਜ਼ਾਂ ’ਤੇ ਖ਼ਾਸ ਧਿਆਨ ਦਿਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਖ਼ੁਫ਼ੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਆਈ.ਐਸ.ਆਈ.ਐਸ. ਵਲੋਂ ਪਠਾਨਕੋਟ ਦੇ ਕੈਂਟ ਤੇ ਸਿਟੀ ਰੇਲਵੇ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਜਿਸ ਤੋਂ ਬਾਅਦ ਰੇਲਵੇ ਪੁਲਿਸ ਵਲੋਂ ਮੁਸ਼ਤੈਦੀ ਵਿਖਾਉਂਦੇ ਹੋਏ ਇਕ ਲੈਟਰ ਰੇਲਵੇ ਕਰਮਚਾਰੀਆਂ ਨੂੰ ਜਾਰੀ ਕੀਤਾ ਤੇ ਕਿਹਾ ਕਿ

ਕੋਈ ਵੀ ਵਾਹਨ ਰੇਲਵੇ ਸਟੇਸ਼ਨ ਦੇ ਆਸ-ਪਾਸ ਖੜ੍ਹਾ ਨਾ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਲਾਵਾਰਿਸ ਚੀਜ਼ ਮਿਲਦੀ ਹੈ ਤਾਂ ਉਸ ਦੀ ਜਾਣਕਾਰੀ ਤੁਰਤ ਵਿਭਾਗ ਨੂੰ ਦਿਤੀ ਜਾਵੇ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਵਲੋਂ ਪਠਾਨਕੋਟ ਦੇ ਨਾਲ ਲੱਗਦੇ ਸਟੇਸ਼ਨਾਂ ਦੀ ਵੀ ਸੁਰੱਖਿਆ ਵਧਾ ਦਿਤੀ ਗਈ ਹੈ।