ਗਰਮੀ ਨੇ ਤੋੜਿਆ 20 ਸਾਲ ਦਾ ਰਿਕਾਰਡ, 47.5 ਡਿਗਰੀ ਪਹੁੰਚਿਆ ਪਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿਖੇ ਅੱਜ ਬੁੱਧਵਾਰ ਨੂੰ ਪਾਰਾ ਸਿਖਰ 'ਤੇ ਰਿਹਾ।

Photo

ਬਠਿੰਡਾ: ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਿਖੇ ਅੱਜ ਬੁੱਧਵਾਰ ਨੂੰ ਪਾਰਾ ਸਿਖਰ 'ਤੇ ਰਿਹਾ। ਇੱਥੇ 47.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਬਠਿੰਡਾ ਵਿਖੇ ਪੈਂਦੀ ਗਰਮੀ ਨੇ ਅੱਜ 20 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। 

ਸ਼ਹਿਰ ਵਿਚ ਇਸ ਤੋਂ ਪਹਿਲਾਂ 8 ਜੂਨ 2014 ਨੂੰ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਸੀ, ਇਸ ਦੌਰਾਨ ਜ਼ਿਲ੍ਹੇ ਵਿਚ 47.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਬੀਤੇ ਕੁਝ ਦਿਨਾਂ ਤੋਂ ਸ਼ਹਿਰ ਭੱਠੀ ਵਾਂਗ ਤਪ ਰਿਹਾ ਹੈ। 

ਇਹ ਕੜਕਦੀ ਧੁੱਪ ਬੱਚਿਆਂ, ਬਜ਼ੁਰਗਾਂ ਜਾਂ ਕਿਸੇ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਹਾਨੀਕਾਰਕ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਦੋ ਦਿਨ ਪਹਿਲਾਂ ਰੈੱਡ ਅਲਰਟ ਵੀ ਜਾਰੀ ਕੀਤਾ ਸੀ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਗਲੇ ਦੋ ਦਿਨਾਂ ਤੱਕ 1 ਵਜੇ ਤੋਂ ਚਾਰ ਵਜੇ ਦੇ ਵਿਚਕਾਰ ਘਰ ਅੰਦਰ ਹੀ ਰਹਿਣ ਕਿਉਂਕਿ ਇਸ ਸਮੇਂ ਗਰਮੀ ਦੀ ਤੀਬਰਤਾ ਸਭ ਤੋਂ ਵੱਧ ਹੁੰਦੀ ਹੈ।

ਮੌਸਮ ਵਿਭਾਗ ਦੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਅਗਲੇ 2 ਤੋਂ 3 ਦਿਨਾਂ ਤੱਕ ਪਾਰਾ 47 ਡਿਗਰੀ ਸੈਲਸੀਅਸ ਤੱਕ ਜਾਣ ਦਾ ਖਦਸ਼ਾ ਹੈ। ਉਹਨਾਂ ਕਿਹਾ ਸੀ ਕਿ ਇਹ ਪਹਿਲੀ ਵਾਰ ਹੈ ਜਦੋਂ ਗਰਮੀਆਂ 'ਚ ਹੀਟਵੇਵ ਲਈ 'ਰੈੱਡ' ਚੇਤਾਵਨੀ ਦਿੱਤੀ ਗਈ ਹੈ।

ਦੱਸ ਦਈਏ ਕਿ ਹੀਟਵੇਵ ਉਸ ਸਮੇਂ ਐਲਾਨ ਕੀਤੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ ਘੱਟੋ ਘੱਟ 40 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਆਮ ਤਾਪਮਾਨ ਤੋਂ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਹੁੰਦਾ ਹੈ। ਮੈਦਾਨੀ ਇਲਾਕਿਆਂ ਲਈ ਹੀਟਵੇਵ ਉਸ ਸਮੇਂ ਐਲਾਨਿਆ ਜਾਂਦਾ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਗੰਭੀਰ ਹੀਟਵੇਵ ਉਦੋਂ ਐਲਾਨਿਆ ਜਾਂਦਾ ਹੈ ਜਦੋਂ ਇਹ 47 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੁੰਦਾ ਹੈ।