ਨਸ਼ੇ ਦੇ ਸੌਦਾਗਰਾਂ ਨੇ ਫ਼ੌਜੀ ਦੀਆਂ ਲੱਤਾਂ ਤੋੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਰਨਤਾਰਨ ਦੇ ਕਸਬੇ ਨੂਰਦੀ ਵਿਖੇ ਇਕ ਸਾਬਕਾ ਫ਼ੌਜੀ ਨੂੰ ਇਸ ਕਰ ਕੇ ਨਸ਼ੇ ਦੇ ਸੌਦਾਗਰਾਂ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਫ਼ੌਜੀ ਨਸ਼ੇ ਵਿਰੁਧ ਲੋਕਾਂ ...

Military Man with Broken Legs

ਤਰਨਤਾਰਨ : ਤਰਨਤਾਰਨ ਦੇ ਕਸਬੇ ਨੂਰਦੀ ਵਿਖੇ ਇਕ ਸਾਬਕਾ ਫ਼ੌਜੀ ਨੂੰ ਇਸ ਕਰ ਕੇ ਨਸ਼ੇ ਦੇ ਸੌਦਾਗਰਾਂ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਫ਼ੌਜੀ ਨਸ਼ੇ ਵਿਰੁਧ ਲੋਕਾਂ ਨੂੰ ਜਾਗਰੂਕ ਕਰਦਾ ਸੀ। ਨਸ਼ੇ ਦੇ ਕਾਰੋਬਾਰੀਆਂ ਨੇ ਸਾਬਕਾ ਫ਼ੌਜੀ ਜਸਬੀਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਉਸ ਦੀਆਂ ਲੱਤਾਂ ਤੋੜ ਦਿਤੀਆਂ। ਨਸ਼ੇ ਦੇ ਸੌਦਾਗਰਾਂ ਹੱਥੋਂ ਦੁਖੀ ਫ਼ੌਜੀ ਜਸਬੀਰ ਸਿੰਘ ਨੇ ਅਪਣੇ ਖ਼ੂਨ ਨਾਲ ਹੀ ਅਪਣੇ ਕੁੜ੍ਹਤੇ ਤੇ ਜਾਗੋ ਕੈਪਟਨ ਜਾਗੋ ਲਿਖ ਕੇ ਅਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ। 

ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 7 ਵਜੇ ਜਦ ਸਾਬਕਾ ਫ਼ੌਜੀ ਜਸਬੀਰ ਸਿੰਘ ਅਪਣੇ ਘਰ ਦੇ ਬਾਹਰ ਬੈਠਾ ਚਾਹ ਪੀ ਰਿਹਾ ਸੀ ਤਾਂ ਉਸ ਦੇ ਇਲਾਕੇ ਦੇ ਹੀ ਕੁੱਝ ਲੋਕਾਂ ਨੇ ਕਥਿਤ ਤੌਰ 'ਤੇ ਉਸ 'ਤੇ ਹਮਲਾ ਕਰ ਦਿਤਾ। ਜਸਬੀਰ ਸਿੰਘ ਅਨੁਸਾਰ ਉਹ ਨਸ਼ੇ ਵੇਚਣ ਦਾ ਵਿਰੋਧ ਕਰਦਾ ਸੀ ਜਦਕਿ ਹਮਲਾਵਰ ਨਸ਼ੇ ਦਾ ਕਾਰੋਬਾਰ ਕਰਦੇ ਹਨ। ਹਮਲਾਵਰਾਂ ਨੇ ਜਸਬੀਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕੀਤੀ ਜਿਸ ਕਰ ਕੇ ਉਸ ਦੀਆਂ ਲੱਤਾਂ ਟੁੱਟ ਗਈਆਂ। ਫ਼ੌਜੀ ਜਸਬੀਰ ਸਿੰਘ ਨੇ ਜ਼ਖ਼ਮੀ ਹਾਲਾਤ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਕੁੱਝ ਲੋਕ ਨੌਜਵਾਨਾਂ ਦੇ ਭਵਿੱਖ ਨਾਲ ਖੇਡ ਰਹੇ ਹਨ। 

ਉਨ੍ਹਾਂ ਕਿਹਾ ਕਿ ਨਜ਼ਦੀਕ ਮਕਬਰੇ ਕੋਲ ਭਾਰੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਦੇ ਖ਼ਾਲੀ ਪੱਤੇ, ਸਰਿੰਜਾਂ, ਪੀਣ ਵਾਲੀ ਦੁਆਈ ਦੀਆਂ ਖ਼ਾਲੀ ਸ਼ੀਸ਼ੀਆਂ ਆਦਿ ਪਈਆਂ ਹਨ। ਇਸ ਦੀ ਉਨ੍ਹਾਂ ਤਿੰਨ ਦਿਨ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਅੱਜ ਉਨ੍ਹਾਂ 'ਤੇ ਹਮਲਾ ਜ਼ਰੂਰ ਹੋ ਗਿਆ। 
ਜਸਬੀਰ ਸਿੰਘ ਨੇ ਕਿਹਾ ਕਿ ਸੂਬੇ 'ਚ ਨਸ਼ੇ ਦੇ ਸੌਦਾਗਰਾਂ ਦੇ ਹੌਸਲੇ ਬੁਲੰਦ ਹਨ ਪਰ ਪੁਲਿਸ ਇਨ੍ਹਾਂ ਨਸ਼ੇ ਦੇ ਕਾਰੋਬਾਰੀਆਂ ਅੱਗੇ ਬੇਬਸ ਲੱਗਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿਚ ਸੀ ਬੀ ਆਈ ਦਾ ਛਾਪਾ ਮਰਵਾਇਆ ਜਾਵੇ ਤਾਂ ਨਸ਼ੇ ਦੇ ਅਨੇਕਾਂ ਹੋਰ ਕਾਰੋਬਾਰੀ ਫੜੇ ਜਾ ਸਕਦੇ ਹਨ।

ਇਸ ਘਟਨਾ ਦਾ ਪਤਾ ਲਗਦੇ ਸਾਰ ਹੀ ਥਾਣਾ ਸਿਟੀ ਤਰਨਤਾਰਨ ਦੇ ਐਸ ਐਚ ਓ ਚੰਦਰ ਭੂਸ਼ਨ ਮੌਕੇ 'ਤੇ ਪੁੱਜ ਗਏ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਵਿਰੁਧ ਜਲਦ ਕਾਰਵਾਈ ਕੀਤੀ ਜਾਵੇਗੀ।ਇਸ ਘਟਨਾ ਤੇ ਤਿੱਖਾ ਪ੍ਰਤੀਕਰਮ ਦਿੰਦੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਕਾਰਨ ਲੋਕਾਂ ਦੇ ਪੁੱਤ ਮਰ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ।