ਪਾਕਿਸਤਾਨ ਨੇ ਸਤਲੁਜ 'ਚ ਛੱਡਿਆ ਜ਼ਹਿਰੀਲਾ ਪਾਣੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰਾਂ 'ਚ ਹੜ੍ਹ, ਕਈ ਪਸ਼ੂਆਂ ਦੀ ਮੌਤ

Pakistan releases poisonous water in Sutlej!

ਪੰਜਾਬ- ਪੰਜਾਬ ਵਿਚ ਆਇਆ ਹੜ੍ਹ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਪਾਕਿਸਤਾਨ ਵੱਲੋਂ ਵੀ ਸਤਲੁਜ ਵਿਚ ਜ਼ਹਿਰੀਲਾ ਪਾਣੀ ਛੱਡੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਿਸ ਕਾਰਨ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚਲੇ ਲੋਕ ਬਿਮਾਰ ਪੈ ਰਹੇ ਹਨ। ਇੰਨਾ ਹੀ ਨਹੀਂ ਇਸ ਜ਼ਹਿਰੀਲੇ ਪਾਣੀ ਕਾਰਨ ਕਈ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਜਦਕਿ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਛੇ ਥਾਵਾਂ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਹਨ। ਜਿਸ ਦੇ ਪਾਣੀ ਨੇ ਚੜ੍ਹਦੇ ਪੰਜਾਬ ਦੇ ਸਰਹੱਦੀ ਖੇਤਰ ਵਿਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਕਸੂਰ ਵਿਚ ਲੱਗੇ ਚਮੜਾ ਕਾਰਖ਼ਾਨਿਆਂ ਦਾ ਜ਼ਹਿਰੀਲਾ ਬਦਬੂਦਾਰ ਪਾਣੀ ਛੱਡ ਕੇ ਸਤਲੁਜ ਦਰਿਆ ਦੇ ਪਾਣੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਜੋ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਰਿਹਾ ਹੈ। ਜ਼ਿਕਰਯੋਗ ਹੈ ਕਿ ਹੜ੍ਹ ਦੇ ਕਾਰਨ ਸਤਲੁਜ ਦਾ ਪਾਣੀ ਪਾਕਿਸਤਾਨ ਵਿਚ ਕੁੱਝ ਦੂਰ ਤਕ ਦਾਖ਼ਲ ਹੋ ਕੇ ਵਾਪਸ ਫਿਰ ਭਾਰਤ ਵਿਚ ਦਾਖ਼ਲ ਹੁੰਦਾ ਹੈ ਪਰ ਜਿਵੇਂ ਹੀ ਸਤਲੁਜ ਦਾ ਪਾਣੀ ਪਾਕਿਸਤਾਨ ਵਿਚ ਦਾਖ਼ਲ ਹੁੰਦਾ ਹੈ ਤਾਂ ਪਾਕਿਸਤਾਨ ਨੇ ਚਮੜਾ ਫੈਕਟਰੀਆਂ ਦਾ ਪਾਣੀ ਸਤਲੁਜ ਦੇ ਪਾਣੀ ਵਿਚ ਮਿਲਾਉਣਾ ਸ਼ੁਰੂ ਕਰ ਦਿੱਤਾ ਜੋ ਚੜ੍ਹਦੇ ਪੰਜਾਬ ਦੇ ਸਰਹੱਦੀ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਸਾਲ ਹੜ੍ਹ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਸਾਲ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ ਪਰ ਇਸ ਵਾਰ ਪਾਕਿਸਤਾਨ ਵੱਲੋਂ ਹੜ੍ਹ ਦੀ ਆੜ ਵਿਚ ਸਤਲੁਜ ਦਰਿਆ ਵਿਚ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਇਹ ਦਰਿਆ ਭਾਰਤ ਤੋਂ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਵਿਚੋਂ ਹੋ ਕੇ ਫਿਰ ਭਾਰਤ ਵਿਚ ਦਾਖ਼ਲ ਹੁੰਦਾ ਹੈ।

ਪਾਕਿਸਤਾਨ ਵੱਲੋਂ ਪਾਣੀ ਛੱਡੇ ਜਾਣ ਨਾਲ ਸਰਹੱਦ ਦੇ ਦਰਜਨਾਂ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆ ਗਏ ਹਨ। ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਸਰਹੱਦ 'ਤੇ ਲੱਗੀ ਫੈਂਸਿੰਗ ਵੀ ਕਾਫ਼ੀ ਹੱਦ ਤਕ ਪਾਣੀ ਵਿਚ ਡੁੱਬੀ ਹੋਈ ਦਿਖਾਈ ਦੇ ਰਹੀ ਹੈ। ਪਾਕਿਸਤਾਨ ਵੱਲੋਂ ਛੱਡੇ ਗਏ ਪਾਣੀ ਵਿਚ ਆ ਰਹੇ ਜ਼ਹਿਰੀਲੇ ਤੱਤਾਂ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਤਾਂਕਿ ਇਹ ਜ਼ਹਿਰੀਲਾ ਪਾਣੀ ਆਉਣ ਵਾਲੇ ਦਿਨਾਂ ਵਿਚ ਇਨਸਾਨਾਂ ਅਤੇ ਪਸ਼ੂਆਂ ਲਈ ਖ਼ਤਰਾ ਨਾ ਬਣੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।