ਹਰਸਿਮਰਤ ਤੇ ਸੁਖਬੀਰ ਦੇ ਦੌਰਿਆਂ ਨੇ ਸਿਆਸਤ ਭਖਾਈ
ਸੂਬੇ 'ਚ ਅੰਤਾਂ ਦੀ ਪੈ ਰਹੀ ਠੰਢ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦੌਰਿਆਂ ਨੇ ਸਿਆਸਤ 'ਚ.....
ਬਠਿੰਡਾ, : ਸੂਬੇ 'ਚ ਅੰਤਾਂ ਦੀ ਪੈ ਰਹੀ ਠੰਢ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਦੌਰਿਆਂ ਨੇ ਸਿਆਸਤ 'ਚ ਗਰਮਾਹਟ ਲਿਆ ਦਿਤੀ ਹੈ। ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਤੇ ਗੋਲੀ ਕਾਂਡ ਕਾਰਨ ਵਿਰੋਧੀਆਂ ਦੇ ਨਿਸ਼ਾਨੇ 'ਤੇ ਚਲੇ ਆ ਰਹੇ ਬਾਦਲ ਪ੍ਰਵਾਰ ਦੇ ਲਗਾਤਾਰ ਤਿੰਨ ਦਿਨ ਬਠਿੰਡਾ ਦੌਰਿਆਂ ਨੇ ਸਿਆਸੀ ਵਿਰੋਧੀਆਂ ਦੇ ਕੰਨ ਖੜੇ ਕਰ ਦਿਤੇ ਹਨ। ਸਿਆਸੀ ਮਾਹਰਾਂ ਵਲੋਂ ਬਾਦਲ ਜੋੜੀ ਦੇ ਇਨ੍ਹਾਂ ਦੌਰਿਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਪਿਛਲੇ ਕੁੱਝ ਦਿਨਾਂ ਤੋਂ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਛੱਡ ਕੇ ਫ਼ਿਰੋਜ਼ਪੁਰ ਜਾਣ ਦੀ ਚਰਚਾ ਚੱਲ ਰਹੀ ਸੀ ਕਿ ਅਚਾਨਕ ਵਰਕਰ ਮਿਲਣੀ ਦੇ ਨਾਂ ਹੇਠ ਬਠਿੰਡਾ ਵਿਚ ਪ੍ਰੋਗਰਾਮ ਰੱਖ ਦਿਤੇ ਗਏ। ਅਕਾਲੀ ਦਲ ਦੇ ਆਗੂਆਂ ਨੇ ਵੀ ਦਾਅਵਾ ਕੀਤਾ ਕਿ ਬਠਿੰਡਾ ਬਾਦਲ ਪ੍ਰਵਾਰ ਦਾ ਅਪਣਾ ਹਲਕਾ ਹੈ ਜਿਸ ਨੂੰ ਉਹ ਕਿਸੇ ਵੀ ਹਾਲਤ 'ਚ ਛੱਡ ਕੇ ਨਹੀਂ ਜਾਣਗੇ। ਉਂਜ ਇਨ੍ਹਾਂ ਦੌਰਿਆਂ ਨੇ ਆਗਾਮੀ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ 'ਚ ਵੀ ਪਿੰਡਾਂ ਵਿਚ ਖੜੇ ਅਕਾਲੀ ਉਮੀਦਵਾਰਾਂ ਦੇ ਵੀ ਹੌਸਲੇ ਬੁਲੰਦ ਕੀਤੇ ਹਨ।
ਵੱਡੀ ਤੇ ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਮਾਝੇ 'ਚ ਵੱਡੇ ਅੰਦਰੂਨੀ ਵਿਰੋਧ ਦਾ ਸਾਹਮਣੇ ਕਰ ਰਹੇ ਬਾਦਲ ਪ੍ਰਵਾਰ ਦੇ ਅਪਣੇ ਜੱਦੀ ਹਲਕੇ ਬਠਿੰਡਾ 'ਚ ਹਾਲੇ ਤਕ ਪਾਰਟੀ ਨਾਲੋਂ ਇਕ ਵੀ ਵਰਕਰ ਤਿੜਕਿਆ ਨਹੀਂ। ਕਾਂਗਰਸ ਦੇ ਆਗੂ ਵੀ ਗ਼ੈਰ-ਰਸਮੀ ਗੱਲਬਾਤ ਦੌਰਾਨ ਇਸ ਗੱਲ ਨੂੰ ਖੁਲ੍ਹੇ ਮਨ ਨਾਲ ਸਵੀਕਾਰ ਕਰ ਰਹੇ ਹਨ ਕਿ ਸੂਬੇ ਦੀ ਵਿਰੋਧੀ ਧਿਰ ਨਾ ਵੀ ਹੋਣ ਦੇ ਬਾਵਜੂਦ ਪਿਛਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੁਣ ਹੋ ਰਹੀਆਂ ਪੰਚਾਇਤ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੂੰ ਅਕਾਲੀ ਦਲ ਹੀ ਟੱਕਰ ਦੇ ਰਿਹਾ ਹੈ
ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਮਾਲਵਾ ਖੇਤਰ 'ਚ ਆਮ ਆਦਮੀ ਪਾਰਟੀ ਨੂੰ ਸੱਭ ਤੋਂ ਵੱਡੀ ਲੀਡ ਮਿਲੀ ਸੀ। ਲਗਾਤਾਰ ਦੋ ਦਿਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਕਈ ਵਿਧਾਨ ਸਭਾ ਹਲਕਿਆਂ 'ਚ ਬਿਤਾਏ ਹਨ ਜਦਕਿ ਅੱਜ ਵੀ ਬੀਬਾ ਬਾਦਲ ਨੇ ਮੌੜ, ਰਾਮਪੁਰਾ ਤੇ ਭੁੱਚੋਂ ਮੰਡੀ ਹਲਕਿਆਂ 'ਚ ਅਕਾਲੀ ਆਗੂਆਂ ਤੇ ਵਰਕਰਾਂ ਦੇ ਸਮਾਜਕ ਪ੍ਰੋਗਰਾਮਾਂ 'ਚ ਸਾਰਾ ਦਿਨ ਸ਼ਮੂਲੀਅਤ ਕੀਤੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਹਲਕੇ ਦੀ ਸਿਆਸਤ 'ਚ ਕਈ ਉਤਰਾਅ ਚੜ੍ਹਾਅ ਵੇਖਣ ਨੂੰ ਮਿਲਣਗੇ। ਕਲ ਵੀ ਕਾਂਗਰਸ ਨਾਲ ਸਬੰਧਤ ਕੁੱਝ ਨਾਰਾਜ਼ ਆਗੂਆਂ ਦੁਆਰਾ ਸੁਖਬੀਰ ਸਿੰਘ ਬਾਦਲ ਨਾਲ ਗੁਪਤ ਮੀਟਿੰਗ ਕੀਤੀ ਜਾਣ ਦੀ ਚਰਚਾ ਚਲ ਰਹੀ ਹੈ।