ਮੁਕਾਬਲੇ ਰਾਹੀਂ ਚੁਣਿਆ ਜਾਵੇਗਾ ਜਲਿਆਂ ਵਾਲੇ ਬਾਗ ਦਾ ‘ਲੋਗੋ’
ਇਸ ਸਾਲ 13 ਅਪਰੈਲ ਨੂੰ ਜਲਿਆਂ ਵਾਲਾ ਬਾਗ ਦੇ ਖ਼ੂਨੀ ਸਾਕੇ ਦੇ 100 ਸਾਲਾ ਦਿਵਸ ਮਨਾਉਣ ਲਈ ਵਰਤੇ ਜਾਣ ਵਾਲੇ ਲੋਗੋ ਨੂੰ ਆਮ ਲੋਕਾਂ ਦੀ ਭਾਗੀਦਾਰੀ...
ਚੰਡੀਗੜ੍ਹ : ਇਸ ਸਾਲ 13 ਅਪਰੈਲ ਨੂੰ ਜਲਿਆਂ ਵਾਲਾ ਬਾਗ ਦੇ ਖ਼ੂਨੀ ਸਾਕੇ ਦੇ 100 ਸਾਲਾ ਦਿਵਸ ਮਨਾਉਣ ਲਈ ਵਰਤੇ ਜਾਣ ਵਾਲੇ ਲੋਗੋ ਨੂੰ ਆਮ ਲੋਕਾਂ ਦੀ ਭਾਗੀਦਾਰੀ ਨਾਲ ਚੁਣਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਲੋਗੋ ਬਣਾਉਣ ਦਾ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਵਾਏਗੀ। ਇਹ ਖ਼ੁਲਾਸਾ ਸਥਾਨਕ ਸਰਕਾਰਾਂ, ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿਤੀ।
ਸ. ਸਿੱਧੂ ਨੇ ਦੱਸਿਆ ਕਿ ਇਸ ਦਿਵਸ ਨੂੰ ਹੋਰ ਮਹੱਤਵਪੂਰਨ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਸੁਨੇਹਾ ਪਹੁੰਚਾਉਣ ਲਈ ਰਾਜ ਵਿਚ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਜਿਵੇਂ ਕਿ ਫੋਟੋ ਪ੍ਰਦਰਸ਼ਨੀ, ਪੇਂਟਿੰਗ, ਨਾਟਕ, ਭਾਸ਼ਣ ਅਤੇ ਕਵਿਤਾ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰ. ਕਮਲਦੀਪ ਸਿੰਘ ਸੰਘਾ ਨੂੰ ਇਸ ਲੋਗੋ ਮੁਕਾਬਲੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਰਾਬਤਾ ਕਰਨ ਦੀ ਜ਼ਿੰਮੇਵਾਰੀ ਦਿੰਦੇ ਹੋਏ ਕਿਹਾ
ਕਿ ਜਲਿਆਂਵਾਲਾ ਬਾਗ ਦੇ ਸਾਕੇ ਦੇ 100 ਸਾਲਾ ਦਿਵਸ ਸਬੰਧੀ ਚੁਣਿਆ ਜਾਣ ਵਾਲਾ ਲੋਗੋ ਆਮ ਲੋਕਾਂ ਦੁਆਰਾ ਡਿਜ਼ਾਇਨ ਕੀਤਾ ਗਿਆ ਹੋਵੇ। ਲੋਗੋ ਵਿਚ ਭਾਗ ਲੈਣ ਲਈ ਆਖਰੀ ਮਿਤੀ 7 ਫਰਵਰੀ ਹੋਵੇਗੀ। ਇਸ ਸਬੰਧੀ ਅੱਗੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਸੰਘਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਆਮ ਲੋਕ ਜਿਸ ਵਿਚ ਵਿਦਿਆਰਥੀ ਵੀ ਸ਼ਾਮਿਲ ਹਨ, ਲੋਗੋ ਡਿਜ਼ਾਇਨ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਦੇ ਡੀਨ ਸ੍ਰੀ ਐਸ.ਐਸ. ਬਹਿਲ ਦੀ ਈ-ਮੇਲ dswgndu0yahoo.in 'ਤੇ ਭੇਜ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਲੋਗੋ ਮੇਕਿੰਗ ਕੰਪੀਟੀਸ਼ਨ ਵਿਚੋਂ ਵਧੀਆ ਲੋਗੋ ਚੁਣਨ ਲਈ ਇਕ ਕਮੇਟੀ ਵੀ ਗਠਿਤ ਕੀਤੀ ਜਾ ਰਹੀ ਹੈ ਅਤੇ ਇਹ ਕਮੇਟੀ ਆਈਆਂ ਹੋਈਆਂ ਐਂਟਰੀਆਂ ਵਿਚੋਂ ਸਭ ਤੋਂ ਵਧੀਆ ਲੋਗੋ ਦੀ ਚੋਣ ਕਰੇਗੀ।