ਹੁਣ CTU ਬੱਸ ਦੀ ਟਿਕਟ ਮੋਬਾਈਲ ਐਪ ਰਾਹੀਂ ਕਰਾ ਸਕੋਂਗੇ ਬੁੱਕ

ਏਜੰਸੀ

ਖ਼ਬਰਾਂ, ਪੰਜਾਬ

ਮੋਬਾਈਲ ਐਪ “ਸੀਟੀਯੂ ਮੁਸਾਫਿਰ” (CTU Musafir) 'ਤੇ ਬੁਕਿੰਗ ਸੇਵਾ ਅੱਜ ਤੋਂ ਸ਼ੁਰੂ 

File

ਚੰਡੀਗੜ੍ਹ- ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਵੱਲੋਂ ਚਲਾਈਆਂ ਜਾਣ ਵਾਲੀਆਂ ਲੰਬੀ ਰੂਟ ਵਾਲੀਆਂ ਏਸੀ ਬੱਸਾਂ ਦੇ ਯਾਤਰੀ ਆਪਣੀਆਂ ਟਿਕਟਾਂ ਆਨਲਾਈਨ ਮੋਬਾਈਲ ਐਪ “ਸੀਟੀਯੂ ਮੁਸਾਫਿਰ” (CTU Musafir) 'ਤੇ ਬੁਕਿੰਗ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਯੂਟੀ ਸਕਤੱਰੇਤ 'ਚ ਟਰਾਂਸਪੋਰਟ ਸੈਕ੍ਰੇਟਰੀ ਅਜੇ ਕੁਮਾਰ ਸਿੰਗਲਾ ਨੇ ਨਵੀਂ ਸੇਵਾ ਦੀ ਸ਼ੁਰੂਆਤ ਕੀਤੀ। 

ਮੋਬਾਈਲ ਐਪ ਲੋਕਾਂ ਨੂੰ ਨਾ ਸਿਰਫ ਟਿਕਟਾਂ ਬੁੱਕ ਕਰਨ ਦੀ ਸਹੂਲਤ ਦੇਵੇਗਾ, ਸਗੋਂ ਬੱਸ 'ਚ ਮਨਪਸੰਦ ਸੀਟਾਂ ਦੀ ਚੋਣ ਕਰਨ ਦੀ ਆਪਸ਼ਨ ਵੀ ਉਪਲੱਬ ਹੈ। ਸੀਟੀਯੂ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 80% ਸੀਟਾਂ ਆਨਲਾਈਨ ਬੁਕਿੰਗ ਲਈ ਰਾਖਵੀਆਂ ਹਨ, ਜਦੋਂਕਿ ਬਾਕੀ ਸੀਟਾਂ ਤਤਕਾਲ ਕਾਊਂਟਰ 'ਤੇ ਮਿਲਣਗੀਆਂ। 

ਅਧਿਕਾਰੀ ਨੇ ਦੱਸਿਆ ਕਿ ਇਸ ਮੋਬਾਈਲ ਐਪ ਰਾਹੀਂ ਟਿਕਟਾਂ ਬੁਕਿੰਗ ਦੀ ਸਹੂਲਤ ਤੋਂ ਇਲਾਵਾ ਬੱਸਾਂ ਦੇ ਟਾਈਮ ਟੇਬਲ, ਟਰੈਕਿੰਗ, ਸਟਾਪੇਜ਼ ਆਦਿ ਜਾਣਕਾਰੀ ਵੀ ਮਿਲੇਗੀ। ਜੇ ਯਾਤਰੀ ਆਪਣੀ ਯਾਤਰਾ ਨੂੰ ਰੱਦ ਕਰਨਾ ਚਾਹੁੰਦੇ ਹਨ ਤਾਂ ਉਹ ਮੋਬਾਈਲ ਐਪ ਰਾਹੀਂ ਅਜਿਹਾ ਕਰ ਸਕਦੇ ਹਨ।

ਇਸ ਤੋਂ ਬਾਅਦ ਐਪ 'ਤੇ ਹੀ ਟਿਕਟ ਦੀ ਰਕਮ ਦੀ ਵਾਪਸੀ ਨੂੰ ਟਰੈਕ ਕਰ ਸਕਦੇ ਹਨ। ਹਾਲਾਂਕਿ ਮੋਬਾਈਲ ਐਪ ਸਿਰਫ ਲੰਬੀ ਰੂਟ ਵਾਲੀਆਂ ਬੱਸਾਂ ਲਈ ਹੈ। ਸਥਾਨਕ ਸੀਟੀਯੂ ਬੱਸਾਂ ਲਈ ਛੇਤੀ ਹੀ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ ਦੇ ਤਹਿਤ ਸੇਵਾ ਸ਼ੁਰੂ ਕੀਤੀ ਜਾਵੇਗੀ। 

ਜ਼ਿਕਰਯੋਗ ਹੈ ਕਿ ਸੀਟੀਯੂ ਦੀ ਲਗਭਗ 80 ਏਸੀ ਬੱਸਾਂ, ਪੰਜਾਬ, ਹਰਿਆਣਾ, ਦਿੱਲ਼ੀ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਰਗੇ ਸੂਬਿਆਂ 'ਚ ਚੱਲਦੀ ਹੈ। ਇਨ੍ਹਾਂ ਬੱਸਾਂ ਨੂੰ ਸ਼ੁਰੂਆਤ ਕਰਨ ਤੋਂ ਬਾਅਦ ਹੀ ਇਹ ਕਾਫੀ ਮਨਪਸੰਦੀਦਾ ਹੋ ਗਈ ਹੈ। ਇਨ੍ਹਾਂ ਦਾ ਕਿਰਾਇਆ ਲਗਜ਼ਰੀ ਬੱਸ ਤੋਂ ਲਗਭਗ 50 ਫੀਸਦੀ ਘੱਟ ਹੈ, ਜਿਸ ਕਾਰਨ ਇਨ੍ਹਾਂ ਬੱਸਾਂ 'ਚ ਆਨਲਾਈਨ ਬੁਕਿੰਗ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ।