ਪੰਜਾਬ ਪੁਲਿਸ ਨੂੰ ਬਦਨਾਮ ਕਰਨ ਵਾਲੇ ਵਿਰੁੱਧ ਕਾਰਵਾਈ ਦੇ ਹੁਕਮ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਟਰਸਾਈਕਲ 'ਤੇ ਬੱਕਰਾ ਲਿਜਾ ਰਹੇ ਨੌਜਵਾਨਾਂ ਦਾ ਪੁਲਿਸ ਨੇ ਨਹੀਂ ਕੱਟਿਆ ਸੀ ਚਾਲਾਨ

Goat

ਬਟਾਲਾ : ਬੀਤੇ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਕਿ ਪੰਜਾਬ ਪੁਲਿਸ ਨੇ ਬੱਕਰੇ ਦਾ ਚਾਲਾਨ ਕੀਤਾ ਹੈ। ਇਸ ਵੀਡੀਓ ਕਾਰਨ ਪੰਜਾਬ ਪੁਲਿਸ ਨੂੰ ਕਾਫ਼ੀ ਬਦਨਾਮੀ ਸਹਿਣੀ ਪੈ ਰਹੀ ਹੈ। ਅਸਲ 'ਚ ਮੋਟਰਸਾਈਕਲ 'ਤੇ ਬੱਕਰਾ ਲਿਜਾ ਰਹੇ ਦੋ ਨੌਜਵਾਨਾਂ ਦਾ ਚਾਲਾਨ ਕੱਟਿਆ ਹੀ ਨਹੀਂ ਗਿਆ ਸੀ। ਪੁਲਿਸ ਵਾਲਿਆਂ ਨੇ ਇਨ੍ਹਾਂ ਨੂੰ ਇਸ ਲਈ ਰੋਕਿਆ ਸੀ ਕਿਉਂਕਿ ਉਹ ਮੋਟਰਸਾਈਕਲ 'ਤੇ ਬੱਕਰੇ ਨੂੰ ਲੱਦ ਕੇ ਲਿਜਾ ਰਹੇ ਸਨ, ਜੋ ਕਿ ਸੜਕ 'ਤੇ ਚੱਲਣ ਵਾਲੇ ਦੂਜੇ ਲੋਕਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਸਨ। 

ਵੀਡੀਓ ਵਾਇਰਲ ਹੋਣ 'ਤੇ ਐਸਐਸਪੀ ਨੇ ਪੁਲਿਸ ਦਾ ਅਕਸ ਖ਼ਰਾਬ ਕਰਨ ਵਾਲੇ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਹਨ। ਟ੍ਰੈਫ਼ਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਡੇਰਾ ਰੋਡ ਪੁਲ 'ਤੇ ਨਾਕਾਬੰਦੀ ਕੀਤੀ ਸੀ। ਉਦੋਂ ਇਕ ਮੋਟਰਸਾਈਕਲ 'ਤੇ ਦੋ ਲੋਕ ਬੱਕਰੇ ਨੂੰ ਲਿਜਾ ਰਹੇ ਸਨ। ਬੱਕਰੇ ਦੀ ਹਿਲਜੁਲ ਕਾਰਨ ਮੋਟਰਸਾਈਕਲ ਪੁਲ 'ਤੇ ਲੱਗੇ ਕੈਨੇਪੋ ਨਾਲ ਟਕਰਾ ਗਿਆ। ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਕਿਹਾ ਕਿ ਉਹ ਬੱਕਰੇ ਨੂੰ ਮਿੰਨੀ ਟਰੱਕ 'ਤੇ ਲੱਦ ਕੇ ਲੈਣ ਜਾਣ। ਇੰਜ ਕੋਈ ਹਾਦਸਾ ਹੋ ਸਕਦਾ ਹੈ। ਪੁਲਿਸ ਦੀ ਇਹ ਗੱਲ ਸੁਣ ਕੇ ਉਨ੍ਹਾਂ 'ਚੋਂ ਇਕ ਵਿਅਕਤੀ ਵੀਡੀਓ ਬਣਾਉਣ ਲੱਗਾ। ਹਾਲਾਂਕਿ ਚਾਲਾਨ ਨਹੀਂ ਕੱਟਿਆ ਗਿਆ। ਪਤਾ ਲੱਗਾ ਹੈ ਕਿ ਵੀਡੀਓ ਬਣਾਉਣ ਵਾਲਾ ਕੋਈ ਫ਼ੌਜੀ ਹੈ।

ਡੀਐਸਪੀ ਬਾਲ ਕ੍ਰਿਸ਼ਣ ਸਿੰਗਲਾ ਨੇ ਦੱਸਿਆ ਕਿ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੂੰ ਵੀਡੀਓ ਬਣਾਉਣ ਵਾਲੇ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਹੁਣ ਵੀਡੀਓ ਬਣਾਉਣ ਵਾਲੇ ਦਾ ਪਤਾ ਲਗਾ ਰਹੀ ਹੈ। ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।