ਕਈ ਥਾਈਂ ਵੋਟਿੰਗ ਮਸ਼ੀਨਾਂ 'ਚ ਗੜਬੜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਰਾਨਾ 'ਚ 100 ਤੋਂ ਵੱਧ ਬੂਥਾਂ 'ਤੇ ਮਸ਼ੀਨਾਂ ਖ਼ਰਾਬ...

People standing in line for Voting

ਨਵੀਂ ਦਿੱਲੀ,  ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਅੱਜ ਲੋਕ ਸਭਾ ਦੀਆਂ ਚਾਰ ਅਤੇ ਵਿਧਾਨ ਸਭਾ ਦੀਆਂ 10 ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪਈਆਂ। ਸ਼ਾਮ ਛੇ ਵਜੇ ਤਕ ਜਿਹੜੇ ਵੋਟਰ ਕੇਂਦਰਾਂ ਅੰਦਰ ਚਲੇ ਗਏ ਸਨ, ਉਨ੍ਹਾਂ ਨੂੰ ਵੋਟ ਪਾਉਣ ਦਾ ਸਮਾਂ ਦਿਤਾ ਗਿਆ ਹੈ। ਲੋਕ ਸਭਾ ਦੀਆਂ ਜਿਨ੍ਹਾਂ ਸੀਟਾਂ 'ਤੇ ਸਾਰਿਆਂ ਦੀ ਨਜ਼ਰ ਹੈ, ਉਨ੍ਹਾਂ ਵਿਚ ਯੂਪੀ ਦੀ ਕੈਰਾਨਾ ਸੀਟ ਅਤੇ ਮਹਾਰਾਸ਼ਟਰ ਦੀ ਪਾਲਘਰ ਸੀਟ ਹੈ। ਇਨ੍ਹਾਂ ਤੋਂ ਇਲਾਵਾ ਭੰਡਾਰਾ ਗੋਂਦੀਆ ਅਤੇ ਨਾਗਾਲੈਂਡ ਦੀ ਇਕ ਇਕ ਲੋਕ ਸਭਾ ਸੀਟ 'ਤੇ ਵੀ ਵੋਟਾਂ ਪਈਆਂ। ਪੰਜਾਬ ਦੀ ਸ਼ਾਹਕੋਟ ਵਿਧਾਨ ਸਭਾ ਸੀਟ 'ਤੇ ਵੀ ਵੋਟਾਂ ਪਈਆਂ ਹਨ।

ਮੇਘਾਲਿਆ ਵਿਚ ਅੰਤਮ ਮਤਦਾਨ 90.42 ਫ਼ੀ ਸਦੀ ਮਤਦਾਨ ਦਰਜ ਕੀਤਾ ਗਿਆ ਸੀ। ਨਾਗਾਲੈਂਡ ਦੀ ਲੋਕ ਸਭਾ ਸੀਟ ਲਈ ਕੁਲ 75 ਫ਼ੀ ਸਦੀ ਮਤਦਾਨ ਰੀਕਾਰਡ ਕੀਤਾ ਗਿਆ ਜਦਕਿ ਪਛਮੀ ਬੰਗਾਲ ਦੀ ਮਾਹੇਸ਼ਤਾਲਾ ਵਿਚ ਸ਼ਾਮ ਪੰਜ ਵਜੇ ਤਕ 70.01 ਫ਼ੀ ਸਦੀ ਮਤਦਾਨ ਹੋਇਆ। ਯੂਪੀ ਦੀ ਕੈਰਾਨਾ ਲੋਕ ਸਭਾ ਸੀਟ ਅਤੇ ਨੂਰਪੁਰ ਵਿਧਾਨ ਸਭਾ ਸੀਟ ਲਈ ਲਗਭਗ 54 ਫ਼ੀ ਸਦੀ ਅਤੇ 61 ਫ਼ੀ ਸਦੀ ਵੋਟਾਂ ਪਈਆਂ। ਮਤਦਾਨ ਦੌਰਾਨ ਤਿੰਨ ਬੈਲੇਟ ਯੂਨਿਟ, ਤਿੰਨ ਕੰਟਰੋਲ ਯੂਨਿਟ ਅਤੇ ਲਗਭਗ 384 ਥਾਵਾਂ 'ਤੇ ਵੀਵੀਪੈਟ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ। ਸ਼ਾਮ ਛੇ ਵਜੇ ਤਕ ਕੈਰਾਨਾ ਵਿਚ 54.17 ਫ਼ੀ ਸ ਦੀ ਅਤੇ ਨੂਰਪੁਰ ਵਿਧਾਨ ਸਭਾ ਵਿਚ 61 ਫ਼ੀ ਸਦੀ ਵੋਟਾਂ ਪਈਆਂ।

 ਇਸੇ ਦੌਰਾਨ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਆਰਐਲਡੀ ਨੇ ਯੂਪੀ ਅਤੇ ਮਹਾਰਾਸ਼ਟਰ ਵਿਚ ਅੱਜ ਹੋਈਆਂ ਜ਼ਿਮਨੀ ਚੋਣਾਂ ਵਿਚ ਮਤਦਾਨ ਦੌਰਾਨ ਈਵੀਐਮ ਮਸ਼ੀਨਾਂ ਵਿਚ ਭਾਰੀ ਗੜਬੜ ਹੋਣ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਪਾਰਟੀਆਂ ਨੇ ਕਿਹਾ ਕਿ ਉਨ੍ਹਾਂ ਕੇਂਦਰਾਂ 'ਤੇ ਦੁਬਾਰਾ ਮਤਦਾਨ ਕਰਾਇਆ ਜਾਵੇ ਜਿਕੇ ਮਸ਼ੀਨਾਂ ਜ਼ਿਆਦਾ ਸਮੇਂ ਤਕ ਖ਼ਰਾਬ ਰਹੀਆਂ ਹਨ।

ਸਮਾਜਵਾਦੀ ਨੇਤਾ ਰਾਮਗੋਪਾਲ ਯਾਦਵ, ਆਰਐਲਡੀ ਮੁਖੀ ਅਜੀਤ ਸਿੰਘ ਅਤੇ ਕਾਂਗਰਸ ਨੇਤਾ ਆਰਪੀਐਨ ਸਿੰਘ ਨੇ ਕਮਿਸ਼ਨ ਨੂੰ ਈਵੀਐਮ ਦੀ ਗੜਬੜ ਵਾਲੇ ਮਤਦਾਨ ਕੇਂਦਰਾ ਦੀ ਸੂਚੀ ਦਿਤੀ ਅਤੇ ਮਸ਼ੀਨਾਂ ਠੀਕ ਕਰਨ ਵਿਚ ਚੋਣ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਦਾ ਜ਼ਿਕਰ ਕੀਤਾ। ਯਾਦਵ ਨੇ ਪੱਤਰਕਾਰਾਂ ਨੂੰ ਕਿਹਾ, 'ਯੂਪੀ ਵਿਚ ਕੈਰਾਨਾ ਲੋਕ ਸਭਾ ਸੀਟ, ਨੂਰਪੁਰ ਵਿਧਾਨ ਸਭਾ ਸੀਟ ਅਤੇ ਮਹਾਰਾਸ਼ਟਰ ਵਿਚ ਭੰਡਾਰਾ ਗੋਂਦੀਆ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿਚ ਸਵੇਰ ਤੋਂ ਹੀ ਵੱਡੇ ਪੱਧਰ 'ਤੇ ਈਵੀਐਮ ਵਿਚ ਗੜਬੜ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ।'

ਉਨ੍ਹਾਂ ਕਿਹਾ ਕਿ ਲਖਨਊ ਵਿਚ ਮੁੱਖ ਚੋਣ ਅਧਿਕਾਰੀ ਨੂੰ ਇਸ ਬਾਬਤ ਸੂਚਿਤ ਕਰ ਦਿਤਾ ਗਿਆ ਸੀ। ਇਕੱਲੇ ਕੈਰਾਨਾ ਵਿਚ ਲਗਭਗ 200 ਅਤੇ ਨੂਰਪੁਰ ਵਿਚ 113 ਮਤਦਾਨ ਕੇਂਦਰ 'ਤੇ ਮਸ਼ੀਨਾਂ ਖ਼ਰਾਬ ਹੋਈਆਂ। ਇਨ੍ਹਾਂ ਕੇਂਦਰਾਂ 'ਤੇ ਕਈ ਘੰਟਿਆਂ ਤਕ ਮਤਦਾਨ ਬੰਦ ਰਿਹਾ। ਚੋਣ ਕਮਿਸ਼ਨ ਨੇ ਭਰੋਸਾ ਦਿਤਾ ਕਿ ਕੇਂਦਰ ਵਿਚ ਆਉਣ ਵਾਲੇ ਹਰ ਮਤਦਾਤਾ ਦੀ ਵੋਟ ਪੁਆਈ ਜਾਵੇਗੀ। (ਏਜੰਸੀ)