ਸ਼ਰੇਆਮ ਹੋ ਰਿਹੈ ਨਸ਼ੇ ਦਾ ਧੰਦਾ
ਪੰਜਾਬ ਵਿਚ ਨੌਜਵਾਨਾਂ ਦੇ ਨਸ਼ਿਆਂ ਵਿਚ ਬਰਬਾਦ ਹੋਣ ਦਾ ਦੋਸ਼ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਿਰ ਮੜ੍ਹਨ ਵਾਲੀ ਕਾਂਗਰਸ ਹੁਣ ਪਿਛਲੇ ਡੇਢ ਸਾਲ ਤੋਂ .....
ਚੰਡੀਗੜ੍ਹ: ਪੰਜਾਬ ਵਿਚ ਨੌਜਵਾਨਾਂ ਦੇ ਨਸ਼ਿਆਂ ਵਿਚ ਬਰਬਾਦ ਹੋਣ ਦਾ ਦੋਸ਼ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਿਰ ਮੜ੍ਹਨ ਵਾਲੀ ਕਾਂਗਰਸ ਹੁਣ ਪਿਛਲੇ ਡੇਢ ਸਾਲ ਤੋਂ ਵਿਰੋਧੀ ਧਿਰ ਅਤੇ ਆਮ ਜਨਤਾ ਦੀ ਆਲੋਚਨਾ ਦਾ ਕੇਂਦਰ ਬਿੰਦੂ ਬਣ ਗਈ ਹੈ। ਤਲਵੰਡੀ ਸਾਬੋ 'ਚ ਧਾਰਮਕ ਗੁਟਕਾ ਹੱਥ ਵਿਚ ਫੜ ਕੇ ਸਹੁੰ ਚੁੱਕਣ ਵਾਲੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਮਹੀਨੇ ਵਿਚ ਨਸ਼ਿਆਂ ਦਾ ਵਪਾਰ ਖ਼ਤਮ ਨਹੀਂ ਕਰ ਸਕੇ, ਉਲਟਾ ਇਸ ਕਾਲੇ ਧੰਦੇ ਦਾ ਪਸਾਰ ਪਿਛਲੇ ਡੇਢ ਸਾਲ ਵਿਚ ਪਹਿਲਾਂ ਨਾਲੋਂ ਵੱਧ ਗਿਆ ਹੈ।
ਪੰਜਾਬ ਵਿਚ ਹਰ ਕਿਸਮ ਦਾ ਨਸ਼ਾ, ਖ਼ਪਤਕਾਰ ਦੀ ਲੋੜ ਮੁਤਾਬਕ ਪਿੰਡਾਂ, ਸ਼ਹਿਰਾਂ, ਕਸਬਿਆਂ, ਸਿਖਿਆ ਦੇ ਅਦਾਰਿਆਂ ਤੇ ਇਥੋਂ ਤਕ ਕਿ ਪੰਜਾਬ ਦੀਆਂ ਜੇਲਾਂ ਵਿਚ ਪੁਲਿਸ ਦੀ ਮਿਲੀਭੁਗਤ ਨਾਲ, ਧੜੱਲੇ ਨਾਲ ਵਿਕ ਰਿਹਾ ਹੈ ਅਤੇ ਸਮਗਲਰ ਬੇਖ਼ੌਫ਼ ਨਸ਼ੇ ਦਾ ਵਪਾਰ ਕਰ ਰਹੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਤਾਂ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਵੱਧ ਗਈਆਂ ਹਨ।
ਅੱਜ ਇਥੇ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੇਰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਤੇ ਕੌਮੀ ਸਕੱਤਰ ਸ. ਹਰਜੀਤ ਸਿੰਘ ਗਰੇਵਾਲ ਅਤੇ ਜੋਸ਼ੀ ਫ਼ਾਊਂਡੇਸ਼ਨ ਦੇ ਚੇਅਰਮੈਨ ਤੇ ਸਾਬਕਾ ਸਕੱਤਰ ਵਿਨੀਤ ਜੋਸ਼ੀ ਨੇ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਕਾਂਗਰਸ ਸਰਕਾਰ ਨਸ਼ਾ ਰੋਕਣ ਲਈ ਗੰਭੀਰ ਨਹੀਂ ਹੈ, ਪੁਲਿਸ 'ਤੇ ਕੋਈ ਕੰਟਰੋਲ ਨਹੀਂ ਹੈ, ਨਸ਼ਾ-ਛੁਡਾਊ ਕੇਂਦਰਾਂ ਦੀ ਹਾਲਤ ਖ਼ਰਾਬ ਹੈ, ਕੋਈ ਡਾਕਟਰ ਨਹੀਂ ਅਤੇ ਦਵਾਈਆਂ ਵੀ ਨਹੀਂ ਹਨ।
ਤਰਨਤਾਰਨ ਦੇ ਇਕ ਪਿੰਡ ਵਿਚ ਨਸ਼ਿਆਂ ਵਿਰੁਧ ਧਰਨੇ 'ਤੇ ਬੈਠੇ ਇਕ ਸਾਬਕਾ ਫ਼ੌਜੀ 'ਤੇ ਤਸਕਰਾਂ ਵਲੋਂ ਹਮਲਾ ਕਰਨ ਬਾਰੇ ਅਤੇ ਇਸ ਫ਼ੌਜੀ ਵਲੋਂ ਖ਼ੂਨ ਨਾਲ ਲਿਖੀ ਚਿੱਠੀ ਨੂੰ ਮੁੱਖ ਮੰਤਰੀ ਤਕ ਪਹੁੰਚਾਉਣ ਦੀ ਮਿਸਾਲ ਦਿੰਦੇ ਹੋਏ ਇਨ੍ਹਾਂ ਭਾਜਪਾ ਆਗੂਆਂ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿਚ ਹੀ ਨਸ਼ੇ ਦੀ ਓਵਰਡੋਜ਼ ਨਾਲ 15 ਨਸ਼ੇੜੀ ਮਰ ਚੁੱਕੇ ਹਨ, ਕਈ ਘਰ ਤਬਾਹ ਹੋ ਗਏ ਹਨ, ਮਾਵਾਂ ਬਿਲਕ ਰਹੀਆਂ ਹਨ ਅਤੇ ਪੰਜਾਬ ਸਰਕਾਰ ਦੇ ਮੰਤਰੀ ਤੇ ਲੀਡਰ ਫ਼ੋਕੇ ਬਿਆਨ ਦੇ ਰਹੇ ਹਨ।
ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਰੋਜ਼ਾਨਾ ਮੀਡੀਆ ਵਿਚ ਨਸ਼ਿਆਂ ਦੇ ਕਾਰੋਬਾਰ, ਨਸ਼ੇੜੀਆਂ ਦੀਆਂ ਮੌਤਾਂ, ਪੁਲਿਸ ਦੀ ਬੇਰੁਖ਼ੀ, ਕਈ ਨੇਤਾਵਾਂ ਦੀ ਮਿਲੀਭੁਗਤ ਦੀਆਂ ਖ਼ਬਰਾਂ ਛਪਦੀਆਂ ਹਨ ਪਰ ਅਵੇਸਲੀ ਕਾਂਗਰਸ ਸਰਕਾਰ ਨਾ ਕੋਈ ਜਾਂਚ ਕਰਵਾਉਂਦੀ ਹੈ, ਨਾ ਦੋਸ਼ੀਆਂ ਵਿਰੁਧ ਐਕਸ਼ਨ ਲੈਂਦੀ ਹੈ। ਬਰਨਾਲਾ ਦੀ ਸੈਂਸੀ ਬਸਤੀ, ਪਠਾਨਕੋਟ ਵਿਚ ਚੱਕੀ ਦਰਿਆ ਦੀ, ਰੋਪੜ ਦੇ ਪਿੰਡ ਮਜਾਰੀ, ਲੁਧਿਆਣਾ ਦੇ ਪਿੰਡ ਚੌਂਤੜਾ, ਮੁਕਤਸਰ ਸਾਹਿਬ ਵਿਚ ਪੁਲਿਸ ਤੇ ਡਰੱਗ ਤਸਕਰਾਂ ਦੀ ਦੋਸਤੀ,
ਜਲਾਲਾਬਾਦ ਤੇ ਮੁੰਡੀ ਘੁਬਾਇਆ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਗਰੇਵਾਲ ਨੇ ਕਿਹਾ ਕਿ ਕਾਂਗਰਸ ਦੇ ਅਪਣੇ ਵਿਧਾਇਕ ਸੁਰਜੀਤ ਧੀਮਾਨ ਤੇ ਹਰਮਿੰਦਰ ਗਿੱਲ ਸਮੇਤ ਕਈ ਹੋਰ ਖ਼ੁਦ ਕਾਂਗਰਸ ਸਰਕਾਰ ਦੀ ਨਾਕਾਮੀ ਬਾਰੇ ਟਿਪਣੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀ ਕਾਂਗਰਸੀ ਆਗੂਆਂ ਦੀ ਨਸ਼ੇ ਲਈ 'ਆਸ਼ੀਰਵਾਦ' ਦੀ ਵੀਡੀਉ ਵਾਇਰਲ ਹੋ ਗਈ ਸੀ, ਜੋ ਨਿੰਦਣਯੋਗ ਹੈ ਪਰ ਦੁਖ ਵਾਲੀ ਗੱਲ ਇਹ ਹੈ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਤਾਂ ਦੂਰ ਹੋ ਗਿਆ ਹੈ, ਉਲਟਾ ਇਹ ਤਸਕਰ ਪੁਲਿਸ 'ਤੇ ਹਮਲਾ ਕਰਦੇ ਹਨ, ਸਰਕਾਰ ਦਾ ਜ਼ਿਲ੍ਹਾ ਪ੍ਰਸ਼ਾਸਨ ਬੇਬਸ ਤੇ ਲਾਚਾਰ ਹੈ।
ਗਰੇਵਾਲ ਤੇ ਜੋਸ਼ੀ ਨੇ ਮੰਗ ਕੀਤੀ ਤੇ ਸੁਝਾਅ ਵੀ ਦਿਤਾ ਕਿ ਜਿਸ ਇਲਾਕੇ ਵਿਚ ਨਸ਼ੇ ਨਾਲ ਮੌਤਾਂ ਹੋਣ, ਉਥੋਂ ਦੇ ਐਸਐਚਓ ਨੂੰ ਤੁਰਤ ਮੁਅੱਤਲ ਕੀਤਾ ਜਾਵੇ ਅਤੇ ਜਿਸ ਡੀਐਸਪੀ ਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਹੇਠ ਪੈਂਦੇ ਅੱਧੇ ਖੇਤਰ ਤੋਂ ਵੱਧ ਵਿਚ ਨਸ਼ੇ ਨਾਲ ਮੌਤਾਂ ਹੋਣ, ਉਨ੍ਹਾਂ ਵਿਰੁਧ ਵੀ ਸਖ਼ਤ ਐਕਸ਼ਨ ਲਿਆ ਜਾਵੇ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਇਸ ਗੰਭੀਰ ਮੁੱਦੇ 'ਤੇ ਸੁਸਤੀ ਵਿਖਾ ਰਹੇ ਹਨ, ਪੁਲਿਸ ਅਧਿਕਾਰੀ, ਹੁਣ ਕਾਂਗਰਸੀ ਨੇਤਾਵਾਂ ਦੇ ਕੰਟਰੋਲ ਵਿਚ ਹਨ, ਨਸ਼ਾ ਵਿਰੋਧੀ ਮੁਹਿੰਮ ਠੁਸ ਹੋ ਗਈ ਹੈ।