ਸਪੋਕਸਮੈਨ ਟੀ.ਵੀ. ਦਾ ਸਟਿੰਗ ਆਪ੍ਰੇਸ਼ਨ ਰੂਪਨਗਰ 'ਚ ਗ਼ੈਰ ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਰੇਤ ਮਾਫੀਆ ਦੇ ਪੈਰ ਪਾਸਰਦੇ ਜਾ ਰਹੇ ਹਨ ਅਤੇ ਇਹ ਮਾਫੀਆ ਪੰਜਾਬ ਦੀ ਧਰਤੀ ਵਿਚੋਂ ਰੇਤ ਕੱਢ ਧਰਤੀ ਦੀ ਹਿੱਕ ਨੂੰ ਖੋਖਲਾ ਕਰ ਰਿਹਾ ਹੈ। ਬੇਸ਼ੱਕ ....

Illegal Mining In Roopnagar

ਚੰਡੀਗੜ੍ਹ : ਪੰਜਾਬ ਵਿਚ ਰੇਤ ਮਾਫੀਆ ਦੇ ਪੈਰ ਪਾਸਰਦੇ ਜਾ ਰਹੇ ਹਨ ਅਤੇ ਇਹ ਮਾਫੀਆ ਪੰਜਾਬ ਦੀ ਧਰਤੀ ਵਿਚੋਂ ਰੇਤ ਕੱਢ ਧਰਤੀ ਦੀ ਹਿੱਕ ਨੂੰ ਖੋਖਲਾ ਕਰ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਿਰਫ਼ ਇਕ ਰਾਜੇ ਅਤੇ ਕੁੱਝ ਕੁ ਵਜ਼ੀਰਾਂ ਦੀ ਟੁਕੜੀ ਇਸ ਰੇਤ ਮਾਫੀਆ ਦੀਆਂ ਜੜ੍ਹਾਂ ਨੂੰ ਉਖਾੜਨ ਵਿਚ ਸਫ਼ਲ ਨਹੀਂ ਹੋ ਰਹੀ, ਕਿਉਂਕਿ ਇਸ  ਰੇਤ ਮਾਫੀਆ ਦਾ ਜਾਲ ਐਨਾ ਵੱਡਾ ਹੈ ਜਿਸ ਵਿਚ ਇਕ ਆਦਮੀ ਤੋਂ ਲੈ ਕੇ ਪ੍ਰਸ਼ਾਸਨ ਦੇ ਬਹੁਤ ਸਾਰੇ ਵਜ਼ੀਰ ਮਿਲੇ ਹੋਏ ਹਨ। 

ਹਾਲ ਵਿਚ ਰੂਪਨਗਰ ਦੇ ਆਪ ਵਿਧਾਇਕ 'ਤੇ ਹਮਲਾ ਹੋਇਆ ਜਿਸ ਨਾਲ ਪੂਰੇ ਪੰਜਾਬ ਦੀ ਸਿਆਸਤ ਦੀ ਹਿੱਲ ਗਈ ਅਤੇ ਸਿਆਸਤਦਾਨਾਂ ਨੇ ਮੌਜੂਦਾ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਲਿਆ  ਆਪ ਵਿਧਾਇਕ 'ਤੇ ਇਸ ਪ੍ਰਕਾਰ ਦਾ ਹਮਲਾ ਹੋਣਾ ਇਕ ਮੰਦਭਾਗੀ ਘਟਨਾ ਹੈ। ਪਰ ਪੰਜਾਬ ਵਿਚ ਕੋਈ ਇਕ ਅਜਵਿੰਦਰ ਸਿੰਘ ਨਹੀਂ ਹੈ ਜਿਸ ਦਾ ਨਾਮ ਗ਼ੈਰ ਕਾਨੂੰਨੀ ਮਾਈਨਿੰਗ ਵਿਚ ਸ਼ਾਮਲ ਹੋਇਆ ਹੋਵੇ,

ਇਸ ਲਈ ਮਾਈਨਿੰਗ ਮਾਫੀਆ ਦੇ ਇਸ ਖੌਫ਼ਨਾਕ ਰੂਪ ਦਾ ਪਰਦਾਫ਼ਾਸ਼ ਕਰਨ ਲਈ ਸਪੋਕੇਸਮੈਨ ਟੀ.ਵੀ. ਦੀ ਟੀਮ ਵਲੋਂ ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਜੋ ਤੱਥ ਨਿਕਲ ਕੇ ਸਾਹਮਣੇ ਆਏ ਉਹ ਸੋਚ ਤੋਂ ਕਿਤੇ ਪਰੇ ਸਨ। ? ਮਾਇਨਿੰਗ ਮਾਫੀਆ ਨੇ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਤਾਂ ਕੀਤੀ ਹੀ ਹੈ ਇਸ ਦੇ ਨਾਲ ਹੀ ਇਸ ਮਾਫੀਆ ਨੂੰ ਚਲਾਉਣ ਵਾਲੇ ਠੇਕੇਦਾਰਾਂ ਨੇ ਅਪਣੀਆਂ ਜੇਬਾਂ ਦੇ ਭਾਰ ਨੂੰ ਵਧਾਉਣ ਲਈ ਲੋਕਾਂ ਦੀ ਜਾਨ ਵੀ ਖ਼ਤਰੇ 'ਚ ਪਾ ਦਿਤੀ ਹੈ। 

ਮਾਈਨਿੰਗ ਮਾਫੀਆ ਦਾ ਕਾਲਾ ਧੰਦਾ ਕਰਨ ਵਾਲੇ ਲੋਕਾਂ ਨੇ ਆਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਨੂੰ ਜਾਂਦੇ ਪੁਲ ਦੀਆਂ ਜੜ੍ਹਾਂ ਤਕ ਨੂੰ ਨਹੀਂ ਬਖਸ਼ਿਆ। ਇਹ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦਾ ਸੱਭ ਤੋਂ ਵੱਡਾ ਪੁਲ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਨੂਰਪੁਰਬੇਦੀ ਅਤੇ ਅੱਗੇ ਹੋਰ ਸ਼ਹਿਰਾਂ ਨਾਲ ਜੋੜਨ ਦਾ ਇਕੋ ਇਕ ਰਾਹ ਹੈ ਪਰ ਮਾਈਨਿੰਗ ਮਾਫੀਆ ਦੇ ਇਨ੍ਹਾਂ ਠੇਕੇਦਾਰਾਂ ਨੇ ਖ਼ੁਦਾਈ ਕਰ ਇਸ ਪੁਲ ਦੀ ਬੁਨਿਆਦ ਐਨੀ ਕਮਜ਼ੋਰ ਕਰ ਦਿਤੀ ਹੈ ਕਿ ਇਹ ਪੁਲ ਕਦੇ ਵੀ ਡਿੱਗ ਸਕਦਾ ਹੈ।

ਲਾਲਚ ਵਿਚ ਪਏ ਇਨ੍ਹਾਂ ਠੇਕੇਦਾਰਾਂ ਨੇ 30-40 ਫ਼ੁਟ ਤੋਂ ਵੀ ਜ਼ਿਆਦਾ ਡੂੰਘੇ ਟੋਏ ਪੁੱਟੇ ਹਨ ਜਿਸ ਕਾਰਨ ਧਰਤੀ ਪਾੜ੍ਹ ਪੈਣੇ ਸ਼ੁਰੂ ਗਏ ਹਨ ਅਤੇ ਕਦੇ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ ?ਸਵਾ ਨਦੀ 'ਤੇ ਬਣੇ ਪੁਲ ਦੇ ਚੁਫ਼ੇਰਿਉਂ ਮਾਈਨਿੰਗ ਮਾਫੀਆ ਨੇ ਰੇਤ ਕੱਢ ਲਿਆ ਹੈ। ਇਸ ਤੋਂ ਇਲਾਵਾ ਪਾਣੀ ਵਿਚੋਂ ਵੀ ਰੇਤਾ ਕਢਿਆ ਹੈ।  

ਜਦੋ ਸਾਡੀ ਨੂਰਪੁਰ ਬੇਦੀ ਦੇ ਇਲਾਕੇ ਵਿਚ ਪਹੁੰਚੀ ਤਾਂ ਉਥੋਂ ਦਾ ਦ੍ਰਿਸ਼ ਦੇਖ ਦੰਗ ਰਹਿ ਗਈ। ਇਸ ਜਗ੍ਹਾ 'ਤੇ ਹਜ਼ਾਰਾਂ ਟਨ ਕੱਚਾ ਮਾਲ ਪਿਆ ਸੀ ਅਤੇ ਮੌਕੇ 'ਤੇ ਕਰੈਸ਼ਰ ਚੱਲ ਰਹੇ ਸਨ। ਮੌਕੇ 'ਤੇ ਚੱਲ ਰਿਹਾ ਕਰੈਸ਼ਰ ਦੇਖ ਸਾਡੀ ਟੀਮ ਵਲੋਂ ਇਸ ਜਗ੍ਹਾ ਦੇ ਮਾਲਕ ਦਾ ਨਾਮ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਹ ਜਗ੍ਹਾ ਅਤੇ ਕਰੈਸ਼ਰ ਬਲਵਿੰਦਰ ਸਿੰਘ ਬਿੱਲੂ ਦਾ ਹੈ। ਜਿਵੇਂ ਹੀ ਸਾਡੀ ਟੀਮ ਉਥੇ ਪਹੁੰਚ ਕੇ ਰੀਕਾਰਡਿੰਗ ਕਰਨ ਲੱਗੀ ਤਾਂ ਉਸ ਜਗ੍ਹਾ 'ਤੇ ਕੰਮ ਕਰਨ 
ਵਾਲੇ ਲੋਕ ਸਾਡੀ ਟੀਮ ਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਤਸਵੀਰਾਂ ਲੈਣ ਤੋਂ ਰੋਕਣ ਲੱਗੇ। 

ਇਸ ਤੋਂ ਇਲਾਵਾ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੈਮਰੇ ਅੱਗੇ ਆਉਣ ਤੋਂ ਮਨਾ ਕਰ ਦਿਤਾ ਅਤੇ ਅਪਣੇ ਮਲਿਕ ਨਾਲ ਮੋਬਾਈਲ 'ਤੇ ਗੱਲ ਕਰਦੇ ਰਹੇ।ਸਾਡੇ ਵਲੋਂ ਸਵਾਲ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਲਕ ਨੇ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਰੋਕਿਆ ਹੈ ਪਰ ਉਸ ਜਗ੍ਹਾ 'ਤੇ ਪਏ ਕੱਚੇ ਮਾਲ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਹ ਸਾਰਾ ਮਾਲ ਕਾਨੂੰਨੀ ਰੂਪ ਵਿਚ ਸਹੀ ਹੈ,

ਉਨ੍ਹਾਂ ਕੋਲ ਇਸ ਮਾਲ ਦੇ ਬਿੱਲ ਪਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮਾਲ ਲੋਕਲ ਖੱਡਾਂ ਦਾ ਵੀ ਹੈ, ਜਦਂੋ ਸਾਡੀ ਟੀਮ ਵਲੋਂ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਉਥੇ ਇਕ ਤਣਾਅਪੂਰਣ ਮਾਹੌਲ ਬਣ ਗਿਆ ਜਿਸ ਤੋਂ ਬਚਦੇ ਹੋਏ ਸਪੋਕੇਸਮੈਨ ਦੀ ਟੀਮ ਉਥੋਂ ਨਿਕਲ ਆਈ।

ਇਸ ਤੋਂ ਬਾਅਦ ਸਾਡੀ ਟੀਮ ਵਲੋਂ ਉਸ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਦਸਿਆ ਕਿ ਗ਼ੈਰ ਕਾਨੂੰਨੀ ਮਾਈਨਿੰਗ ਤੋਂ ਉਹ ਬਹੁਤ ਪ੍ਰੇਸ਼ਾਨ ਹਨ ਅਤੇ ਜੇ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਸ ਉਪਰ ਝੂਠਾ ਮਾਮਲਾ ਦਰਜ ਕਰਵਾ ਦਿਤਾ ਜਾਂਦਾ ਹੈ। ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਗ਼ੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਲਗਾਤਾਰ ਚੱਲ ਰਿਹਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਸੱਭ ਸਥਾਨਾਂ ਦਾ ਜਾਇਜ਼ਾ ਲੈ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।