ਪੰਜਾਬ ਅੰਦਰ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਸਖ਼ਤੀ ਦੀ ਤਿਆਰੀ, ਭਰਨਾ ਪਵੇਗਾ ਭਾਰੀ ਜੁਰਮਾਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੀ ਅਕਤੂਬਰ ਤੋਂ ਬਾਅਦ ਭਰਨਾ ਪਵੇਗਾ 2 ਹਜ਼ਾਰ ਰੁਪਏ ਜੁਰਮਾਨਾ

high security number plate

ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਸਖ਼ਤੀ ਦੀ ਤਿਆਰੀ ਖਿੱਚ ਲਈ ਹੈ।  ਇਸ ਮਕਸਦ ਲਈ ਪੰਜਾਬ ਸਰਕਾਰ ਨੇ ਮੋਟਰ ਵਹੀਕਲ ਐਕਟ 'ਚ ਸੋਧ ਕਰਦਿਆਂ ਇਸ 'ਚ ਹਾਈ ਸਕਿਊਰਟੀ ਨੰਬਰ ਪਲੇਟ  ਲਈ ਜੁਰਮਾਨਾ ਲਾਉਣ ਦੀ ਮੱਦ ਜੋੜ ਦਿਤੀ ਹੈ। ਪਹਿਲੀ ਅਕਤੂਬਰ ਤੋਂ ਬਾਅਦ ਹਾਈ ਸਕਿਊਰਟੀ ਨੰਬਰ ਪਲੇਟ ਤੋਂ ਬਗੈਰ ਚੱਲਣ ਵਾਲੇ ਵਾਹਨਾਂ ਲਈ ਜੁਰਮਾਨਾ ਲੱਗਣਾ ਸ਼ੁਰੂ ਹੋ ਜਾਵੇਗਾ।

ਜੁਰਮਾਨੇ ਦੀ ਰਕਮ 2 ਹਜ਼ਾਰ ਰੁਪਏ ਹੋਵੇਗੀ। ਪਹਿਲੀ ਵਾਰ ਚਲਾਨ ਹੋਣ ਦੀ ਸੂਰਤ ਵਿਚ ਜੁਰਮਾਨਾ 2 ਹਜ਼ਾਰ ਰੁਪਏ ਤਕ ਹੀ ਹੋਵੇਗਾ ਜਦਕਿ ਦੂਜੇ, ਤੀਜੀ ਜਾਂ ਇਸ ਤੋਂ ਵੱਧ ਵਾਰ ਚਲਾਨ ਹੋਣ ਦੀ ਸੂਰਤ 'ਚ ਇਹ ਰਕਮ 3 ਹਜ਼ਾਰ ਹੋਵੇਗੀ। ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿਤਾ ਹੈ।

ਜੁਰਮਾਨਾ ਦੇ ਇਹ ਰਕਮ ਦੋਪਹੀਆ ਅਤੇ ਚਾਰਪਹੀਆ ਵਾਹਨਾਂ ਲਈ ਇਕ ਸਮਾਨ ਹੋਵੇਗੀ। ਹਾਈ ਸਕਿਊਰਟੀ ਨੰਬਰ ਪਲੇਟ ਦਾ ਚਲਾਨ ਕੇਵਲ ਸਹਾਇਕ ਸਬ ਇੰਸਪੈਕਟਰ ਯਾਨੀ ਏਐਸਆਈ ਲੇਵਲ ਦਾ ਅਧਿਕਾਰੀ ਹੀ ਕੱਟ ਸਕੇਗੀ। ਇਸ ਤੋਂ ਹੇਠਲੇ ਅਧਿਕਾਰੀ ਕੋਲ ਚਲਾਨ ਕਰਨ ਦਾ ਅਧਿਕਾਰ ਨਹੀਂ ਹੋਵੇਗਾ।

ਸਰਕਾਰ ਨੇ ਹੁਣ ਲੋਕਾਂ ਦੀ ਸਹੂਲਤ ਲਈ ਹਾਈ ਸਕਿਊਰਟੀ ਨੰਬਰ ਪਲੇਟ ਫਿੱਟ ਕਰਨ ਸਬੰਧੀ ਨਿਯਮਾਂ ਵਿਚ ਵੀ ਬਦਲਾਅ ਕਰ ਦਿਤਾ ਹੈ। ਪਹਿਲਾਂ ਜਿਹੜੇ ਜ਼ਿਲ੍ਹੇ ਅੰਦਰ ਵਾਹਨ ਦੀ ਰਜਿਸਟ੍ਰੇਸ਼ਨ ਹੁੰਦੀ ਸੀ, ਉਸੇ ਥਾਂ ਹੀ ਨੰਬਰ ਪਲੇਟ ਦੀ ਫੀਟਿੰਗ ਹੋ ਸਕਦੀ ਸੀ। ਪਰ ਹੁਣ ਗ੍ਰਾਹਕ ਅਪਣੀ ਸਹੂਲਤ ਮੁਤਾਬਕ ਨੰਬਰ ਪਲੇਟ ਦੀ ਫੀਟਿੰਗ ਕਿਸੇ ਦੂਜੇ ਜ਼ਿਲ੍ਹੇ 'ਚੋਂ ਵੀ ਕਰਵਾ ਸਕਦੇ ਹਨ।

ਨੰਬਰ ਪਲੇਟ ਹਾਸਲ ਕਰਨ ਦੇ ਨਿਯਮਾਂ ਨੂੰ ਵੀ ਸੁਖਾਲਾ ਬਣਾ ਦਿਤਾ ਗਿਆ ਹੈ। ਹੁਣ ਤੁਸੀਂ ਘਰ ਬੈਠੇ ਵੀ ਅਰਜ਼ੀ ਦੇ ਸਕਦੇ ਹੋ। ਇਸ ਲਈ ਵੈੱਬਸਾਈਟ 'ਤੇ ਵੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਬਾਈਲ ਐਪ ਰਾਹੀਂ ਵੀ ਐਪਲੀਕੇਸ਼ਨ ਦਿਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।