ਪਨਸਪ ਦੇ ਗੋਦਾਮ 'ਚੋਂ ਕਣਕ ਦੇ 248 ਗੱਟੇ ਲੁੱਟ ਕੇ ਫ਼ਰਾਰ ਹੋਏ ਲੁਟੇਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਦਿੱਲੀ ਰੋਡ 'ਤੇ ਪੈਂਦੇ ਪਿੰਡ ਰਾਮਨਗਰ ਸਿਬੀਆ ਵਿਖੇ ਸਥਿਤ ਪਨਸਪ ਦੇ ਗੋਦਾਮ ਵਿਚ ਵੱਡੀ ਪੱਧਰ 'ਤੇ ਕਣਕ ਦੇ ਗੱਟਿਆਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ...

Wheat Bags

ਸੰਗਰੂਰ : ਸਥਾਨਕ ਦਿੱਲੀ ਰੋਡ 'ਤੇ ਪੈਂਦੇ ਪਿੰਡ ਰਾਮਨਗਰ ਸਿਬੀਆ ਵਿਖੇ ਸਥਿਤ ਪਨਸਪ ਦੇ ਗੋਦਾਮ ਵਿਚ ਵੱਡੀ ਪੱਧਰ 'ਤੇ ਕਣਕ ਦੇ ਗੱਟਿਆਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਰੀਬ ਦੋ ਦਰਜਨ ਵਿਅਕਤੀ ਰਾਤ ਨੂੰ ਪਨਸਪ ਦੇ ਗੋਦਾਮ ਵਿਚ ਦਾਖ਼ਲ ਹੋ ਗਏ। ਇਨ੍ਹਾਂ ਵਿਅਕਤੀਆਂ ਨੇ ਲੁੱਟ ਕਰਨ ਲਈ ਗੋਦਾਮ ਵਿਚ ਮੌਜੂਦ ਪੰਜ ਚੌਕੀਦਾਰਾਂ ਦੀ ਕੁੱਟਮਾਰ ਕੀਤੀ ਅਤੇ ਕਣਕ ਦੇ 248 ਗੱਟੇ ਚੋਰੀ ਕਰਕੇ ਫ਼ਰਾਰ ਹੋ ਗਏ। 

ਇਸ ਤੋਂ ਬਾਅਦ ਜ਼ਖ਼ਮੀ ਹੋਏ ਚੌਕੀਦਾਰਾਂ ਵਿਚੋਂ ਇਕ ਚੌਕੀਦਾਰ ਨੂੰ ਇਥੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ ਜਦਕਿ ਇਕ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। ਇਥੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਚੌਕੀਦਾਰ ਸੁਖਦੇਵ ਸਿੰਘ ਵਾਸੀ ਪਿੰਡ ਉਪਲੀ ਨੇ ਪੁਲਿਸ ਪਾਸ ਦਰਜ ਕਰਵਾਏ ਬਿਆਨਾਂ ਵਿਚ ਦਸਿਆ ਕਿ 25 ਅਤੇ 26 ਅਗੱਸਤ ਦੀ ਅੱਧੀ ਰਾਤ ਕਰੀਬ ਡੇਢ ਵਜੇ ਜਦੋਂ ਉਹ ਅਪਣੇ ਚਾਰ ਹੋਰ ਸਾਥੀ ਚੌਕੀਦਾਰਾਂ ਸਮੇਤ ਐੱਸਐੱਸ ਓਪਨ ਗੋਦਾਮ ਪਨਸਪ ਬਾਹੱਦ

ਪਿੰਡ ਰਾਮਨਗਰ ਸਿਬੀਆ ਵਿਖੇ ਡਿਊਟੀ ਕਰ ਰਿਹਾ ਸੀ, ਤਾਂ 20-25 ਅਣਪਛਾਤੇ ਵਿਅਕਤੀ ਕੰਧ ਟੱਪ ਕੇ ਗੋਦਾਮ ਵਿਚ ਦਾਖ਼ਲ ਹੋ ਗਏ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ। ਅਣਪਛਾਤੇ ਵਿਅਕਤੀਆਂ ਨੇ ਗੋਦਾਮ ਵਿਚ ਦਾਖ਼ਲ ਹੁੰਦਿਆਂ ਹੀ ਚੌਕੀਦਾਰਾਂ ਨੂੰ ਅਪਣਾ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਆਉਂਦਿਆਂ ਹੀ ਚੌਕੀਦਾਰ ਸੁਖਦੇਵ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫੜ ਲਿਆ ਅਤੇ ਉਨ੍ਹਾਂ ਕੋਲੋਂ  ਮੋਬਾਈਲ ਫ਼ੋਨ ਖੋਹ ਲਏ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਲੁਟੇਰੇ ਪਨਸਪ ਦੇ ਗੋਦਾਮ ਵਿਚੋਂ ਕਣਕ ਦੇ 248 ਗੱਟੇ ਚੋਰੀ ਕਰਕੇ ਲੈ ਗਏ। 

ਬਾਅਦ ਵਿਚ ਲੁੱਟ ਦੀ ਇਸ ਘਟਨਾ ਦੀ ਜਾਣਕਾਰੀ ਇਲਾਕੇ ਦੀ ਪੁਲਿਸ ਨੂੰ ਦਿਤੀ ਗਈ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਜਾਂਚ ਪੜਤਾਲ ਕੀਤੀ। ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਟੀਮਾਂ ਬਣਾ ਕੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਉਮੀਦ ਪ੍ਰਗਟਾਈ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਪਕੜ ਵਿਚ ਹੋਣਗੇ।