ਅਮਰੂਦ ਬਾਗ਼ ਘੁਟਾਲੇ ਨੂੰ ਠੰਢੇ ਬਸਤੇ ’ਚ ਪਾਉਣ ਦੀ ਤਿਆਰੀ! ਜਾਂਚ ਵਿਚਾਲੇ ਸੜਕ ਬਣਾਉਣ ਲਈ ਲਗਾਇਆ ਟੈਂਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲੇ ਵਿਚ 2 IAS ਦੀਆਂ ਪਤਨੀਆਂ ਦੇ ਨਾਂਅ ਵੀ ਸ਼ਾਮਲ; ਹੁਣ ਤਕ ਹੋਈਆਂ 22 ਗ੍ਰਿਫ਼ਤਾਰੀਆਂ

Image: For representation purpose only.

 

ਮੋਹਾਲੀ: ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਅਧੀਨ ਆਉਂਦੇ ਐਰੋਪੋਨਿਕਸ ਸਿਟੀ ਪ੍ਰਾਜੈਕਟ ਦੀ ਜ਼ਮੀਨ 'ਤੇ ਹੋਏ ਅਮਰੂਦ ਘੁਟਾਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਜਿਸ ਪ੍ਰਾਜੈਕਟ ਦੀ ਜ਼ਮੀਨ ਲਈ ਸੜਕ ਲਈ ਨਿਸ਼ਾਨਦੇਹੀ ਕੀਤੀ ਗਈ ਸੀ, ਉਸ ਦਾ ਟੈਂਡਰ ਹੁਣ ਗਮਾਡਾ ਵਲੋਂ ਜਾਰੀ ਕਰ ਦਿਤਾ ਗਿਆ ਹੈ।   ਦੱਸ ਦੇਈਏ ਕਿ ਜ਼ਮੀਨ 'ਤੇ ਸੜਕ ਬਣਾਈ ਜਾਣੀ ਸੀ, ਉਹ ਪਹਿਲਾਂ ਪ੍ਰਾਜੈਕਟ ਤਹਿਤ ਬਿਲਡਰਾਂ ਨੂੰ ਅਲਾਟ ਕੀਤੀ ਗਈ ਸੀ।

ਇਹ ਵੀ ਪੜ੍ਹੋ: ਅੱਜ ਵੀ ਬੰਦ ਰਹੇਗਾ ਬੱਦੋਵਾਲ ਐਮੀਨੈਂਸ ਸਕੂਲ; ਦੂਜੀ ਥਾਂ ਸ਼ਿਫਟ ਕੀਤੇ ਜਾਣਗੇ ਵਿਦਿਆਰਥੀ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਥੇ ਅਮਰੂਦ ਦੇ ਬਾਗ ਸਨ।,ਜਿਸ ਲਈ ਗਮਾਡਾ ਵਲੋਂ ਕਰੋੜਾਂ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਗਿਆ ਸੀ। ਇਹ ਮੁਆਵਜ਼ਾ ਰਾਸ਼ੀ ਕਈ ਲਾਭਪਾਤਰੀਆਂ ਵਲੋਂ ਧੋਖੇ ਨਾਲ ਹਾਸਲ ਕੀਤੀ ਗਈ ਸੀ। ਜਿਸ ਵਿਚ ਦੋ ਆਈ.ਏ.ਐਸ. ਅਫ਼ਸਰਾਂ ਦੀਆਂ ਪਤਨੀਆਂ ਵੀ ਸ਼ਾਮਲ ਹਨ। ਮਾਮਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ 22 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 5 ਘੰਟਿਆਂ 'ਚ 2 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ; ਟੈਸਟ ਵਿਚ ਘੱਟ ਨੰਬਰਾਂ ਤੋਂ ਪਰੇਸ਼ਾਨ ਸਨ ਦੋਵੇਂ ਵਿਦਿਆਰਥੀ

ਇਸ ਮਾਮਲੇ ਵਿਚ ਗਮਾਡਾ ਤੋਂ ਧੋਖੇ ਨਾਲ ਮੁਆਵਜ਼ਾ ਲੈਣ ਵਾਲੇ ਕਈ ਲੋਕਾਂ ਨੇ ਮੁਆਵਜ਼ਾ ਰਾਸ਼ੀ ਵੀ ਵਾਪਸ ਕਰ ਦਿਤੀ ਸੀ ਪਰ ਵਿਜੀਲੈਂਸ ਬਿਊਰੋ ਵਲੋਂ ਇਸ ਮਾਮਲੇ ਵਿਚ ਮੁਲਜ਼ਮ ਆਈ.ਏ.ਐਸ. ਅਧਿਕਾਰੀਆਂ ਦੀਆਂ ਪਤਨੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਇਸ ਰਾਸ਼ੀ ਨੂੰ ਗਮਾਡਾ ਵਿਚ ਤੈਨਾਤ ਰਹੇ ਅਧਿਕਾਰੀਆਂ, ਪਟਵਾਰੀਆਂ ਅਤੇ ਬਾਗ਼ਬਾਨੀ ਵਿਭਾਗ ਦੇ ਕਰਚਮਰੀਆਂ ਦੀ ਮਿਲੀਭੁਗਤ ਨਾਲ ਅਪਣੇ ਕਰੀਬੀਆਂ ਨੂੰ ਜਾਰੀ ਕੀਤਾ ਗਿਆ ਹੈ।
ਉਧਰ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਵਲੋਂ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਕਰਨ ਦੀ ਬਜਾਏ ਹੁਣ ਪ੍ਰਾਜੈਕਟ ਰੋਡ ਦਾ ਟੈਂਡਰ ਕੀਤਾ ਜਾ ਰਿਹਾ ਹੈ।