ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਵਧਾਇਆ ਹੁਸ਼ਿਆਰਪੁਰ ਦਾ ਮਾਣ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਸੁਨੀਲ ਅਰੋੜਾ ਦਾ ਨਾਮ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ...

Suni Arora

ਚੰਡੀਗੜ੍ਹ (ਭਾਸ਼ਾ) : ਦੇਸ਼ ਵਿਚ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਸੁਨੀਲ ਅਰੋੜਾ ਦਾ ਨਾਮ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਐਲਾਨ ਕਰ ਦਿਤਾ ਗਿਆ ਹੈ, ਜੋ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ, ਕਹਿਣ ਤੋਂ ਭਾਵ ਉਨ੍ਹਾਂ ਦੀ ਨਿਯੁਕਤੀ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਵਧਿਆ ਹੈ।1980 ਬੈਚ 'ਚ ਰਾਜਸਥਾਨ ਕੇਡਰ ਦੇ ਇਸ ਆਈਏਐਸ ਅਧਿਕਾਰੀ ਨੇ ਅਪਣੀ ਮੁਢਲੀ ਅਤੇ ਕਾਲਜ ਦੀ ਸਿੱਖਿਆ ਹੁਸ਼ਿਆਰਪੁਰ ਵਿਚੋਂ ਹੀ ਪ੍ਰਾਪਤ ਕੀਤੀ, ਆਈਏਐਸ ਬਣਨ ਤੋਂ ਬਾਅਦ ਉਹ ਰਾਜਸਥਾਨ ਵਿਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਤਾਇਨਾਤ ਰਹੇ।

ਇਸ ਤੋਂ ਇਲਾਵਾ ਸੁਨੀਲ ਅਰੋੜਾ 2005 ਤੋਂ 2008 ਤਕ ਰਾਜਸਥਾਨ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੀ ਰਹੇ। ਜਦਕਿ 5 ਸਾਲ ਤਕ ਇੰਡੀਅਨ ਏਅਰਲਾਈਨਜ਼ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਉਨ੍ਹਾਂ ਅਪਣੀਆਂ ਸੇਵਾਵਾਂ ਨਿਭਾਈਆਂ, ਹੁਸ਼ਿਆਰਪੁਰ 'ਚ ਜਨਮੇ ਸੁਨੀਲ ਅਰੋੜਾ ਇਸ ਤੋਂ ਇਲਾਵਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ 1999 ਤੋਂ 2000 ਤਕ ਸਿਵਲ ਏਵੀਏਸ਼ਨ ਮੰਤਰਾਲਾ ਵਿਚ ਸਕੱਤਰ ਦੇ ਅਹੁਦੇ 'ਤੇ ਕੰਮ ਕਰ ਚੁੱਕੇ ਹਨ ਜਦਕਿ ਵਿੱਤ, ਕੱਪੜਾ ਅਤੇ ਪਲਾਨਿੰਗ ਕਮਿਸ਼ਨ ਵਜੋਂ ਵੀ ਉਨ੍ਹਾਂ ਅਪਣੀਆਂ ਸੇਵਾਵਾਂ ਨਿਭਾਈਆਂ ਹਨ।

ਇਨ੍ਹਾਂ ਤੋਂ ਇਲਾਵਾ ਉਹ ਜਲੰਧਰ ਦੇ ਡੀਏਵੀ ਕਾਲਜ ਵਿਚ ਪੜ੍ਹਾ ਵੀ ਚੁੱਕੇ ਹਨ। ਇਸ ਸਾਲ 31 ਸਤੰਬਰ ਨੂੰ ਮੁੱਖ ਚੋਣ ਕਮਿਸ਼ਨ ਵਜੋਂ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਸੀ ਜੋ ਹੁਣ 2 ਦਸੰਬਰ ਨੂੰ ਓਪੀ ਰਾਵਤ ਦੀ ਥਾਂ ਲੈਣਗੇ ਅਤੇ 2019 ਦੀਆਂ ਚੋਣਾਂ ਉਨ੍ਹਾਂ ਦੀ ਦੇਖ-ਰੇਖ ਹੇਠ ਲੜੀਆਂ ਜਾਣਗੀਆਂ, ਦਸ ਦਈਏ ਇਸ ਤੋਂ ਇਲਾਵਾ ਅਗਲੇ ਸਾਲ ਜੰਮੂ-ਕਸ਼ਮੀਰ, ਹਰਿਆਣਾ, ਓਡੀਸ਼ਾ, ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼ਾ, ਆਂਧਰਾ ਪ੍ਰਦੇਸ਼ ਅਤੇ ਸਿੱਕਿਮ ਵਿਚ ਵੀ ਅਗਲੇ ਸਾਲ ਚੋਣਾਂ ਹੋਣੀਆਂ ਹਨ। ਦੇਸ਼ ਦੇ ਚੋਣ ਕਮਿਸ਼ਨ ਵਜੋਂ ਉਨ੍ਹਾਂ ਦੀ ਨਿਯੁਕਤੀ ਹੋਣ 'ਤੇ ਹੁਸ਼ਿਆਰਪੁਰ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।