ਲਾਂਘੇ ਦੇ ਨੀਂਹ ਪੱਥਰ ਲਈ ਸਿੱਧੂ ਪਾਕਿਸਤਾਨ ਪੁੱਜੇ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਜਾਂਦੇ ਸਮੇਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਪਣੀ ਆਦਤ ਮੁਤਾਬਕ ਜਾਂਦੇ-ਜਾਂਦੇ ਸ਼ਾਇਰੀ ਵੀ ਸੁਣਾਈ..........

Sidhu arrives Pakistan for Kartarpur Corridor foundation stone

ਚੰਡੀਗੜ੍ਹ (ਨੀਲ ਬੀ. ਸਿੰਘ) :  ਪਾਕਿਸਤਾਨ ਜਾਂਦੇ ਸਮੇਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਪਣੀ ਆਦਤ ਮੁਤਾਬਕ ਜਾਂਦੇ-ਜਾਂਦੇ ਸ਼ਾਇਰੀ ਵੀ ਸੁਣਾਈ। ਉਨ੍ਹਾਂ ਕਿਹਾ ਕਿ ਉਹ ਬਾਬਾ ਨਾਨਕ ਲਈ ਸੱਭ ਕੁੱਝ ਕਰਨ ਲਈ ਤਿਆਰ ਹਨ। ਸਿੱਧੂ ਨੇ ਸੁਨੇਹਾ ਦਿਤਾ ਕਿ ਦੋਸਤੀ ਦਾ ਹੱਥ ਵਧਾਉਣ ਨਾਲ ਸੱਭ ਦੂਰੀਆਂ ਮਿਟ ਜਾਂਦੀਆਂ ਹਨ। ਕਰੜੀ ਸੁਰੱਖਿਆ 'ਚ ਭਾਰਤੀ ਮੀਡੀਆ ਵੀ ਪਾਕਿਸਤਾਨ ਪਹੁੰਚਿਆ। ਪਾਕਿ ਰੇਂਜਰ ਕਰੜੀ ਸੁਰੱਖਿਆ 'ਚ ਪੱਤਰਕਾਰਾਂ ਨੂੰ ਲੈ ਕੇ ਗਏ। ਸਿੱਧੂ ਨੇ ਕਿਹਾ ਕਿ ਪਿਛਲੀ ਫੇਰੀ ਸਮੇਂ ਪਾਕਿਸਤਾਨੀ ਫ਼ੌਜ ਮੁਖੀ ਬਾਜਵਾ ਨਾਲ ਜੱਫੀ ਇਕ ਸੈਕਿੰਡ ਦੀ ਸੀ, ਇਹ ਕੋਈ ਰਾਫ਼ੇਲ ਡੀਲ ਨਹੀਂ ਸੀ।

ਉਨ੍ਹਾਂ ਕਿਹਾ ਕਿ ਜਦ ਦੋ ਪੰਜਾਬੀ ਗਲੇ ਲਗਦੇ ਹਨ ਤਾਂ ਉਹ ਭਾਵਨਾਤਮਕ ਰੂਪ ਨਾਲ ਗਲ ਲਗਦੇ ਹਨ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਪੁਲ ਵਾਂਗ ਦੋਹਾਂ ਮੁਲਕਾਂ ਦਰਮਿਆਨ ਦੁਸ਼ਮਣੀ ਖ਼ਤਮ ਕਰੇਗਾ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਇਸ ਲਾਂਘੇ ਨਾਲ ਲੋਕਾਂ ਵਿਚਾਲੇ ਆਪਸੀ ਸਾਂਝ ਵਧੇਗੀ ਤੇ ਦੋਵਾਂ ਮੁਲਕਾਂ ਵਿਚਾਲੇ ਵੀ ਸ਼ਾਂਤੀ ਕਾਇਮ ਹੋਏਗੀ। ਦੂਜੇ ਪਾਸੇ, ਪਾਕਿਸਤਾਨ ਪਹੁੰਚਦੇ ਹੀ ਉਥੋਂ ਦੇ ਮੀਡੀਆ ਨੇ ਸਿੱਧੂ ਨੂੰ ਵੱਡਾ ਸਵਾਲ ਕੀਤਾ। ਇਕ ਪੱਤਰਕਾਰ ਨੇ ਸਿੱਧੂ ਨੂੰ ਪੁਛਿਆ ਕਿ ਜਿਸ ਤਰ੍ਹਾਂ ਕਰਤਾਰਪੁਰ ਲਾਂਘੇ ਲਈ ਸਿੱਖਾਂ ਤੇ ਪਾਕਿਸਤਾਨ ਵਲੋਂ ਸਵਾਗਤ ਕੀਤਾ ਗਿਆ, ਉਸ ਤਰ੍ਹਾਂ ਦਾ ਹੁੰਗਾਰਾ ਮੋਦੀ ਸਰਕਾਰ ਵਲੋਂ ਨਹੀਂ ਆਇਆ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਕੁੱਝ ਹੋਰ ਮੰਤਰੀਆਂ ਨੂੰ ਪਾਕਿਸਤਾਨ ਆਉਣ ਤੋਂ ਰੋਕ ਦਿਤਾ ਗਿਆ। ਇਥੋਂ ਤਕ ਕਿ ਤੁਹਾਨੂੰ (ਸਿੱਧੂ) ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪਾਕਿਸਤਾਨ ਆਉਣ ਤੋਂ ਕੋਰੀ ਨਾਂਹ ਕਰ ਦਿਤੀ। ਉਨ੍ਹਾਂ ਕਿਹਾ ਕਿ ਜਿੱਡਾ ਵੱਡਾ ਦਿਲ ਪਾਕਿਸਤਾਨ ਸਰਕਾਰ ਨੇ ਵਿਖਾਇਆ ਹੈ, ਉਸ ਤਰ੍ਹਾਂ ਦਾ ਭਾਰਤੀ ਹਕੂਮਤ ਨੇ ਕਿਉਂ ਨਹੀਂ ਵਿਖਾਇਆ?

ਜਵਾਬ ਵਿਚ ਸਿੱਧੂ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਵਿਚ ਨਹੀਂ ਪੈਣਾ ਚਾਹੁੰਦੇ। ਉਹ ਬੜੀ ਵੱਡੀ ਗੱਲ ਆਖ ਰਹੇ ਹਨ ਕਿ ਧਰਮ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਨਾ ਵੇਖੋ। ਉਨ੍ਹਾਂ ਕਿਹਾ ਕਿ ਕਿਹੜਾ ਧਰਮ ਹੈ ਜਿਹੜਾ ਕਿਸੇ ਦੂਜੇ ਧਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਕ ਸਥਾਨ ਉਤੇ ਜਾਣ ਤੋਂ ਰੋਕਦਾ ਹੈ?

ਪੀ ਟੀ ਆਈ ਦੀ ਰੀਪੋਰਟ : ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦਵਾਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਡੇਰਾ ਬਾਬਾ ਨਾਨਕ ਨਾਲ ਜੋੜਨ ਵਾਲੇ ਚਿਰਉਡੀਕਵੇਂ ਲਾਂਘੇ ਦਾ ਨੀਂਹ ਪੱਥਰ ਬੁਧਵਾਰ ਨੂੰ ਇਮਰਾਨ ਖ਼ਾਨ ਰਖਣਗੇ। ਇਸ ਤੋਂ ਭਾਰਤੀ ਸਿੱਖਾਂ ਨੂੰ ਵੀਜ਼ਾਮੁਕਤ ਆਵਾਜਾਈ 
ਦੀ ਸਹੂਲਤ ਮਿਲ ਸਕੇਗੀ। ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਰਾਵੀ ਨਦੀ ਤੋਂ ਪਾਰ ਡੇਰਾ ਬਾਬਾ ਨਾਨਕ ਤੋਂ ਲਗਭਗ ਚਾਰ ਕਿਲੋਮੀਟਰ ਦੂਰ ਹੈ। ਸਿੱਖ ਗੁਰੂ ਨੇ 1522 'ਚ ਇਸ ਨੂੰ ਸਥਾਪਤ ਕੀਤਾ ਸੀ।

ਪਹਿਲਾ ਗੁਰਦਵਾਰਾ, ਗੁਰਦਵਾਰਾ ਕਰਤਾਰਪੁਰ ਸਾਹਿਬ ਇਥੇ ਬਣਾਇਆ ਗਿਆ ਸੀ ਜਿਥੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਅਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਬਿਤਾਏ ਸਨ। ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦੇ ਛੇ ਮਹੀਨਿਆਂ 'ਚ ਪੂਰਾ ਹੋਣ ਦੀ ਉਮੀਦ ਹੈ। ਇਹ ਕਦਮ ਅਗਲੇ ਸਾਲ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਚੁਕਿਆ ਗਿਆ ਹੈ। ਸੋਮਵਾਰ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੁਰਦਾਸਪੁਰ 'ਚ ਲਾਂਘੇ ਦਾ ਨੀਂਹ ਪੱਥਰ ਰਖਿਆ ਸੀ। 

ਉਧਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਨੂੰ ਹੱਲਾਸ਼ੇਰੀ ਦੇਵੇਗਾ ਅਤੇ 'ਦੁਸ਼ਮਣੀ' ਮਿਟਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕ੍ਰਿਕੇਟੀ ਰਿਸ਼ਤਿਆਂ ਦੀ ਬਹਾਲੀ ਸਮੇਤ ਦੋਹਾਂ ਦੇਸ਼ਾਂ ਵਿਚਕਾਰ ਨਾ ਖ਼ਤਮ ਹੋਣ ਵਾਲੀਆਂ ਸੰਭਾਵਨਾਵਾਂ ਦੀ ਉਸਾਰੀ ਹੋਵੇਗੀ।

ਸਿੱਧੂ ਭਾਰਤੀ ਪੱਤਰਕਾਰਾਂ ਦੇ ਇਕ ਸਮੂਹ ਨਾਲ ਇੱਥੇ ਆਏ ਹਨ ਤਾਕਿ ਉਹ ਲਾਹੌਰ ਤੋਂ ਲਗਭਗ 120 ਕਿਲੋਮੀਟਰ ਦੂਰ ਨਾਰੋਵਾਲ 'ਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ 'ਚ ਸ਼ਾਮਲ ਹੋ ਸਕਣ। ਵਾਹਗਾ ਸਰਹੱਦ 'ਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਿੱਧੂ ਨੇ ਇਸ ਲਾਂਘੇ ਨੂੰ ਸੰਭਵ ਬਣਾਉਣ ਲਈ ਇਮਰਾਲ ਖ਼ਾਨ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਮਿਟੇਗੀ।  (ਪੀਟੀਆਈ)

Related Stories