ਕਿਸਾਨਾਂ ’ਤੇ ਪਰਚੇ ਦਰਜ ਕਰਨ ਖਿਲਾਫ਼ ਉਠਣ ਲੱਗੀ ਲੋਕ ਲਹਿਰ, ਵੱਖ-ਵੱਖ ਆਗੂਆਂ ਵਲੋਂ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਮੰਚਾਂ ’ਤੇ ਉਠੀ ਆਵਾਜ਼ 

Farmers Protest

ਚੰਡੀਗੜ੍ਹ : ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਤੋਂ ਨਾਕਾਮ ਰਹਿਣ ਬਾਅਦ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰਨੇ ਸ਼ੁਰੂ ਕਰ ਦਿਤੇ ਹਨ। ਸਰਕਾਰ ਦੀ ਇਸ ਕਾਰਵਾਈ ਖਿਲਾਫ਼ ਵੀ ਲੋਕ-ਲਹਿਰ ਉਠਣੀ ਸ਼ੁਰੂ ਹੋ ਗਈ ਹੈ।

ਸ਼ੋਸਲ ਮੀਡੀਆ ਤੋਂ ਇਲਾਵਾ ਵੱਖ ਵੱਖ ਮੰਚਾਂ ’ਤੇ ਵੱਡੀ ਗਿਣਤੀ ਲੋਕ ਸਰਕਾਰ ਦੀ ਇਸ ਕਾਰਵਾਈ ਨੂੰ ਨਾਦਰਸ਼ਾਹੀ ਕਰਾਰ ਦਿੰਦਿਆਂ ਹਰਿਆਣਾ ਦੀ ਖੱਟਰ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੇ ਹਨ। ਖ਼ਾਸ ਕਰ ਕੇ ਪੁਲਿਸ ਦੇ ਵਾਟਰ ਕੈਨਨ ’ਤੇ ਚੜ੍ਹ ਉਸ ਦਾ ਮੂੰਹ ਮੋੜਣ ਵਾਲੇ ਹਿੰਮਤੀ ਨੌਜਵਾਨ ਖਿਲਾਫ਼ ਦਰਜ ਪਰਚੇ ਨੂੰ ਲੈ ਕੇ ਦੇਸ਼ ਵਿਦੇਸ਼ ’ਚ ਸਖ਼ਤ ਪ੍ਰਤੀਕਰਮ ਸਾਹਮਣੇ ਆਉਣ ਲੱਗੇ ਹਨ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਿਸ ਵਲੋਂ ਵਾਟਰ ਕੈਨਨ ਦਾ ਮੂੰਹ ਘੁਮਾਉਣ ਵਾਲੇ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਨ ਦੀ ਨਿਖੇਧੀ ਕੀਤੀ ਹੈ। 

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਵਿਚ ਸ਼ਾਂਤਮਈ ਰੋਸ ਪ੍ਰਗਟਾਉਣ ਦਿੱਲੀ ਜਾ ਰਹੇ ਕਿਸਾਨਾਂ ’ਤੇ ਪੁਲਿਸ ਵਲੋਂ ਅੱਥੂ ਗੈਸ ਦੇ ਗੋਲੇ ਅਤੇ ਜਲ ਤੋਪਾਂ ਚਲਾਉਣ ਦੀ ਕਾਰਵਾਈ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਹੈ ਜਿਵੇਂ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਕੀਤਾ ਜਾਂਦਾ ਹੈ ਜਦੋਂਕਿ ਕਿਸਾਨਾਂ ਨੇ ਦਰਿਆਦਿਲੀ ਦਾ ਸਬੂਤ ਦਿੰਦੇ ਹੋਏ ਪੁਲਿਸ ਦੇ ਜਵਾਨਾਂ ਦੀ ਚਾਹ-ਪਾਣੀ ਅਤੇ ਲੰਗਰ ਛਕਾਇਆ ਹੈ। 

ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਗੁਰਪੁਰਬ ਵਾਲੇ ਦਿਨ ਕਿਸਾਨਾਂ ਦੇ ਹੱਕ ਵਿਚ ਅਰਦਾਸ ਕਰਨ ਦਾ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਗੁਰਪੁਰਬ ਵਾਲੇ ਦਿਨ ਅਰਦਾਸ ਕਰੇ ਕਿ ਵਾਹਿਗੁਰੂ ਕਿਸਾਨਾਂ ਨੂੰ ਬਲ ਬਖਸ਼ੇ ਅਤੇ ਕੇਂਦਰ ਸਰਕਾਰ ਨੂੰ ਸੁਮੱਤ ਬਖਸ਼ੇ। ਇਸੇ ਦੌਰਾਨ ਸਰਕਾਰ ਦੀ ਪਰਚੇ ਦਰਜ ਕਰਨ ਦੀ ਕਾਰਵਾਈ ’ਤੇ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਦੀ ਇਸ ਕਾਰਵਾਈ ਤੋਂ ਕੋਈ ਹੈਰਾਨੀ ਨਹੀਂ  ਹੋਈ ਅਤੇ ਕਿਉਂਕਿ ਉਨ੍ਹਾਂ ਦੀ ਸਰਕਾਰ ਦੀ ਮਨਸ਼ਾ ਦਾ ਪਹਿਲਾਂ ਹੀ ਪਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਵੇ, ਉਹ ਖੇਤੀ ਕਾਨੂੰਨਾਂ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾਂ ਵਾਪਸ ਨਹੀਂ ਪਰਤਣਗੇ।