ਨਾਭਾ ਦੀ ਹਾਈ ਸਕਿਓਰਟੀ ਜੇਲ੍ਹ ਸਵਾਲਾਂ ਦੇ ਘੇਰੇ 'ਚ, ਸਜ਼ਾ ਕਟ ਰਿਹਾ ਇਕ ਹੋਰ ਕੈਦੀ ਹੋਇਆ ਫ਼ਰਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਨਾਭਾ ਦੀ ਹਾਈ ਸਕਿਓਰਟੀ ਜੇਲ੍ਹ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।  ਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਮ ਦਾ ਕੈਦੀ ਜਿਸ ਨੂੰ ਐਨ ਡੀ ਪੀ ਐਸ ਐਕਟ

Nabha Jail

ਨਾਭਾ (ਸਸਸ) : ਪੰਜਾਬ ਦੀ ਨਾਭਾ ਦੀ ਹਾਈ ਸਕਿਓਰਟੀ ਜੇਲ੍ਹ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਾਮ ਦਾ ਕੈਦੀ ਜਿਸ ਨੂੰ ਐਨ ਡੀ ਪੀ ਐਸ ਐਕਟ ਦੇ ਅਧੀਨ 10 ਸਾਲ ਦੀ ਸਜ਼ਾ ਹੋਈ ਸੀ। ਜਿਹੜ੍ਹਾ ਕਿ ਪੁਲਿਸ ਦੀ ਸਖ਼ਤ ਨਿਗਰਾਨੀ ਵਿਚ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਵਿਚੋਂ ਫ਼ਰਾਰ ਹੋਇਆ ਕੈਦੀ ਸੰਗਰੂਰ ਦੇ ਸਲੇਮਗੜ੍ਹ ਦਾ ਦਸਿਆ ਜਾ ਰਿਹਾ ਹੈ।

ਜਦੋਂ ਸ਼ਾਮ ਨੂੰ ਕੈਦੀਆਂ ਦੀ ਗਿਣਤੀ ਹੋਣ ਲਗੀ ਤਾਂ ਉਸ ਸਮੇਂ ਦੇ ਦੌਰਾਨ ਕੈਦੀ  ਦੇ ਫ਼ਰਾਰ ਹੋਣ ਦਾ ਪਤਾ ਲਗਿਆ। ਕੈਦੀ ਜੇਲ੍ਹ ਵਿਚੋਂ ਕਿਸ ਤਰ੍ਹਾਂ ਫ਼ਰਾਰ ਹੋਇਆ, ਇਸ ਦੇ ਸਬੰਧ ਵਿਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਤੁਹਾਨੂੰ ਦਸ ਦਈਏ ਕਿ ਹਲੇ ਤੱਕ ਪੁਲਿਸ ਨੂੰ ਫ਼ਰਾਰ ਹੋਏ ਕੈਦੀ ਦਾ ਕੋਈ ਸੁਰਾਖ਼ ਨਹੀਂ ਮਿਲਿਆ।  
ਕਿਹਾ ਜਾ ਰਿਹਾ ਹੈ ਕਿ ਨਾਭਾ ਜੇਲ੍ਹ ਦੇ ਸੁਪਰੀਡੈਂਟ ਇਕਬਾਲ ਸਿੰਘ ਬਰਾੜ੍ਹ ਨੂੰ ਵਾਰ-ਵਾਰ ਸੰਪਰਕ ਕਰਨ ਤੇ ਵੀ ਉਹ ਫੋਨ ਨਹੀਂ ਚੱਕ ਰਹੇ। ਹੁਣ ਫਿਰ ਤੋਂ ਇਸ ਤਰ੍ਹਾਂ ਕੈਦੀ ਦਾ ਫ਼ਰਾਰ ਹੋ ਜਾਣਾ ਜੇਲ੍ਹ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦਾ ਹੈ।  

ਤੁਹਾਨੂੰ ਦਸ ਦਈਏ ਕਿ ਪੰਜਾਬ ਦੀ ਨਾਭਾ ਜੇਲ੍ਹ ਅਤਿ ਸੁਰੱਖਿਆ ਵਾਲੀ ਜੇਲ੍ਹ ਦੀ ਸ਼੍ਰੇਣੀ ਵਿਚ ਆਉਂਦੀ ਹੈ। ਇਸ ਤੋਂ ਪਹਿਲਾਂ ਵੀ ਅਤਿ ਸੁਰੱਖਿਆ ਵਾਲੀ ਇਸ ਜੇਲ੍ਹ ਵਿਚ ਗੈਂਗਸਟਰਾਂ ਦੁਆਰਾ ਕੈਦੀਆਂ ਨੂੰ ਫ਼ਰਾਰ ਕੀਤੇ ਜਾਣ ਦੇ ਕਿੱਸੇ ਸਾਹਮਣੇ ਆਏ ਹਨ। ਕੁੱਝ ਸਾਲ ਪਹਿਲਾਂ ਇਸ ਜੇਲ੍ਹ ਵਿਚੋਂ ਕਈ ਖ਼ਤਰਨਾਕ ਗੈਂਗਸਟਰਾਂ ਨੇ ਜੇਲ੍ਹ 'ਤੇ ਹਮਲਾ ਕਰਕੇ ਕਈ ਖ਼ਤਰਨਾਕ ਕੈਦੀਆਂ ਨੂੰ ਛੁਡਵਾ ਲਿਆ ਸੀ, ਜਿਸ ਤੋਂ ਬਾਅਦ ਜੇਲ੍ਹ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਸਨ।

ਇਨ੍ਹਾਂ ਫ਼ਰਾਰ ਹੋਏ ਗੈਂਗਸਟਰਾਂ ਵਿਚ ਵਿੱਕੀ ਗੌਂਡਰ ਦਾ ਨਾਮ ਵੀ ਸ਼ਾਮਲ ਸੀ, ਜਿਸ ਨੂੰ ਬਾਅਦ ਵਿਚ ਕਈ ਮਹੀਨੇ ਬਾਅਦ ਪੁਲਿਸ ਨੇ ਐਨਕਾਊਂਟਰ ਰਾਹੀਂ ਮਾਰ ਦਿਤਾ ਸੀ। ਇਸ ਤੋਂ ਇਲਾਵਾ ਹੋਰ ਵੀ ਕੁੱਝ ਫ਼ਰਾਰ ਹੋਏ ਕੈਦੀਆਂ ਨੂੰ ਫੜ ਲਿਆ ਗਿਆ ਸੀ ਪਰ ਇਕ ਦੋ ਕੈਦੀ ਅਜਿਹੇ ਹਨ ਜੋ ਅਜੇ ਤਕ ਵੀ ਫੜੇ ਨਹੀਂ ਗਏ ਹਨ। 
ਹੁਣ ਜਦੋਂ ਫਿਰ ਇਕ ਕੈਦੀ ਪੁਲਿਸ ਦੀ ਪਕੜ ਵਿਚੋਂ ਫ਼ਰਾਰ ਹੋ ਗਿਆ ਹੈ ਤਾਂ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਫਿਰ ਤੋਂ ਸਵਾਲ ਖੜ੍ਹੇ ਹੋ ਗਏ ਹਨ ਕਿ ਜਦੋਂ ਪੁਲਿਸ ਕੈਦੀਆਂ ਨੂੰ ਸਹੀ ਤਰ੍ਹਾਂ ਫੜ ਕੇ ਨਹੀਂ ਰੱਖ ਸਕਦੀ ਤਾਂ ਉਹ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ?