SGPC ਵੱਲੋਂ ਅੰਮ੍ਰਿਤਸਰ ਦੇ ਕਸਬਾ ਕੱਥੂਨੰਗਲ ਵਿਖੇ ਦਸਵਾਂ ਕੋਵਿਡ ਕੇਅਰ ਕੇਂਦਰ ਸਥਾਪਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਕਸਬਾ ਕੱਥੂਨੰਗਲ ’ਚ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਵਿਖੇ 10ਵਾਂ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤਾ

SGPC establishes 10th Covid Care Center at Kathunangal

ਅੰਮ੍ਰਿਤਸਰ, (ਰਾਜੇਸ਼ ਕੁਮਾਰ ਸੰਧੂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਕਸਬਾ ਕੱਥੂਨੰਗਲ ’ਚ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਵਿਖੇ ਦਸਵਾਂ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤਾ ਗਿਆ, ਜਿਸ ਵਿਚ 25 ਬੈੱਡਾਂ ਦੀ ਵਿਵਸਥਾ ਹੈ। ਇਸ ਕੋਰੋਨਾ ਵਾਰਡ ਵਿਚ ਪਹਿਲੇ ਅਤੇ ਦੂਸਰੇ ਲੈਵਲ ਦੇ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਵੇਗਾ। ਦਾਖ਼ਲ ਹੋਣ ਮਰੀਜ਼ਾਂ ਵਾਸਤੇ ਆਕਸੀਜਨ ਲਈ ਕੰਸਨਟਰੇਟਰਾਂ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਦਵਾਈਆਂ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ।

ਕੱਥੂਨੰਗਲ ਵਿਖੇ ਸਥਾਪਿਤ ਕੀਤੇ ਗਏ ਦਸਵੇਂ ਕੋਰੋਨਾ ਕੇਅਰ ਕੇਂਦਰ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅੰਦਰ ਵੱਖ-ਵੱਖ ਥਾਵਾਂ ’ਤੇ ਕੋਵਿਡ ਕੇਅਰ ਕੇਂਦਰ ਸਥਾਪਿਤ ਕਰਕੇ ਪੀੜ੍ਹਤ ਲੋਕਾਂ ਦੀ ਬਾਂਹ ਫੜ੍ਹੀ ਹੈ। ਸ਼੍ਰੋਮਣੀ ਕਮੇਟੀ ਦੇ ਇਸ ਉੱਦਮ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਸਮਾਂ ਲੋਕਾਂ ਨਾਲ ਖੜ੍ਹਨ ਦਾ ਹੈ ਅਤੇ ਸ਼੍ਰੋਮਣੀ ਕਮੇਟੀ ਸੰਗਤਾਂ ਦੀ ਆਪਣੀ ਸੰਸਥਾ ਹੁੰਦਿਆਂ ਲੋਕ ਸੇਵਾ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ 10 ਕੋਰੋਨਾ ਵਾਰਡ ਪੰਜਾਬ ਅੰਦਰ ਕੋਰੋਨਾ ਪੀੜ੍ਹਤਾਂ ਨੂੰ ਸੇਵਾਵਾਂ ਦੇਣ ਲਈ ਸਥਾਪਿਤ ਕੀਤੇ ਗਏ ਹਨ ਅਤੇ ਜੇਕਰ ਲੋੜ ਪਈ ਤਾਂ ਹੋਰਨਾਂ ਥਾਵਾਂ ’ਤੇ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਸੰਸਥਾ ਨਾਲ ਸਹਿਯੋਗੀ ਬਣ ਕੇ ਚੱਲਣਾ ਸੂਬੇ ਦੇ ਲੋਕਾਂ ਲਈ ਸਹਾਈ ਸਿੱਧ ਹੋ ਰਿਹਾ ਹੈ।