ਪੰਜਾਬ ਭਰ 'ਚ ਸਰਕਾਰੀ ਮੁਲਾਜ਼ਮ ਲਾਉਣਗੇ ਪੌਦੇ: ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਸੂਬੇ ਦੇ ਪੌਣ-ਪਾਣੀ ਨੂੰ ਸੁਧਾਰਨ ਅਤੇ ਸੂਬਾ ਵਾਸੀਆਂ ਲਈ ਰਹਿਣ-ਸਹਿਣ ਦਾ ਵਧੀਆ ਮਾਹੌਲ......

Sadhu Singh Dharamsot

ਐਸ.ਏ.ਐਸ. ਨਗਰ/ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਦੇ ਪੌਣ-ਪਾਣੀ ਨੂੰ ਸੁਧਾਰਨ ਅਤੇ ਸੂਬਾ ਵਾਸੀਆਂ ਲਈ ਰਹਿਣ-ਸਹਿਣ ਦਾ ਵਧੀਆ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸ਼ੁਰੂ ਕੀਤੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਰਕਾਰੀ ਮੁਲਾਜ਼ਮ ਵੀ ਪੌਦੇ ਲਗਾ ਕੇ ਅਪਣਾ ਯੋਗਦਾਨ ਪਾਉਣਗੇ। ਸਰਕਾਰੀ ਮੁਲਾਜ਼ਮਾਂ ਵਲੋਂ ਪੌਦੇ ਲਾਉਣ ਦੀ ਇਸ ਮੁਹਿੰਮ ਨੂੰ ਚੰਡੀਗੜ੍ਹ ਅਤੇ ਐਸ.ਏ.ਐਸ. ਨਗਰ (ਮੁਹਾਲੀ) ਤੋਂ ਸ਼ੁਰੂ ਕਰ ਕੇ ਪੜਾਅਵਾਰ ਢੰਗ ਨਾਲ ਬਾਕੀ ਜ਼ਿਲ੍ਹਿਆਂ ਤਕ ਲਿਜਾਇਆ ਜਾਵੇਗਾ।

ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦਸਿਆ ਕਿ ਸੂਬੇ ਵਿਚ ਹਰਿਆਲੀ ਵਧਾਉਣ ਦੇ ਮਕਸਦ ਨਾਲ ਜੰਗਲਾਤ ਵਿਭਾਗ ਵਲੋਂ ਛੇਤੀ ਹੀ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਸਰਕਾਰੀ ਮੁਲਾਜ਼ਮਾਂ ਵਲੋਂ ਬੂਟੇ ਲਾਉਣ ਸਬੰਧੀ ਲਿਖਤੀ ਪੱਤਰ ਭੇਜਿਆ ਜਾਵੇਗਾ।  ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਦੇ ਚੰਡੀਗੜ੍ਹ ਤੇ ਐਸ.ਏ.ਐਸ. ਨਗਰ (ਮੁਹਾਲੀ) ਅਧੀਨ ਵੱਖ-ਵੱਖ ਵਿਭਾਗਾਂ 'ਚ ਸੇਵਾ ਨਿਭਾ ਰਹੇ ਕਰੀਬ 2.5 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਜੰਗਲਾਤ ਵਿਭਾਗ ਪੌਦੇ ਮੁਹਈਆ ਕਰਵਾਏਗਾ। ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਘੱਟੋ-ਘੱਟ ਇਕ-ਇਕ ਬੂਟਾ ਲਗਾਉਣ ਦੀ ਅਪੀਲ ਕਰਦਿਆਂ

ਕਿਹਾ ਕਿ ਸਰਕਾਰੀ ਮੁਲਾਜ਼ਮ ਅਪਣੇ ਘਰ, ਪਾਰਕ, ਪਿੰਡ, ਸ਼ਹਿਰ ਜਾਂ ਜਿੱਥੇ ਵੀ ਯੋਗ ਥਾਂ ਉਪਲੱਬਧ ਹੋਵੇ, ਵਿਖੇ ਬੂਟੇ ਲਗਾ ਸਕਦੇ ਹਨ। ਸ੍ਰੀ ਧਰਮਸੋਤ ਨੇ ਸੂਬੇ ਦੇ ਲੋਕਾਂ ਤੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ 'ਘਰ-ਘਰ ਹਰਿਆਲੀ' ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਕੂਲਾਂ/ਕਾਲਜਾਂ ਤੋਂ ਛੁੱਟੀ ਵਾਲੇ ਦਿਨ ਜਾਂ ਆਪਣੇ ਵਿਹਲ ਵਾਲੇ ਸਮੇਂ ਦੌਰਾਨ ਜ਼ਿਲ੍ਹਾ ਜੰਗਲਾਤ ਕਰਮਚਾਰੀਆਂ/ਅਧਿਕਾਰੀਆਂ ਨਾਲ ਸੰਪਰਕ ਕਰਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਵੀ ਯਕੀਨੀ ਬਣਾਉਣ।