ਬਠਿੰਡਾ ਦੇ ਸਿਵਲ ਹਸਪਤਾਲ ’ਚੋਂ ਕੈਦੀ ਫ਼ਰਾਰ, 3 ਪੁਲਿਸ ਮੁਲਾਜ਼ਮ ਮੁਅੱਤਲ
ਦੋਸ਼ੀ ਨੂੰ 21 ਜੂਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ
ਬਠਿੰਡਾ: ਲੁਧਿਆਣਾ ਦੀ ਜੇਲ੍ਹ ’ਚੋਂ ਕੈਦੀ ਫ਼ਰਾਰ ਹੋਣ ਦੀ ਘਟਨਾ ਮਗਰੋਂ ਹੁਣ ਬਠਿੰਡਾ ਦੇ ਸਥਾਨਕ ਸਿਵਲ ਹਸਪਤਾਲ ’ਚ ਬਣੇ ਕੈਦੀ ਵਾਰਡ ਵਿਚ ਬੰਦ ਹਵਾਲਾਤੀ ਦੇ ਫ਼ਰਾਰ ਹੋ ਜਾਣ ਬਾਰੇ ਖ਼ਬਰ ਮਿਲੀ ਹੈ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਸਖ਼ਤ ਕਾਰਵਾਈ ਕਰਦਿਆਂ ਇਕ ਹੈਡ ਕਾਂਸਟੇਬਲ ਤੇ 2 ਹੋਮ ਗਾਰਡ ਦੇ ਜਵਾਨਾਂ ਨੂੰ ਮੁਅੱਤਲ ਕਰ ਦਿਤਾ ਹੈ।
ਦੱਸ ਦਈਏ ਕਿ ਬਠਿੰਡਾ ਦੇ ਰਾਮਾ ਮੰਡੀ ਸਥਿਤ ਗੁਰਦੁਆਰਾ ਸਾਹਿਬ ਵਿਚ ਇਕ ਗ੍ਰੰਥੀ ਦਾ ਕਤਲ ਕਰ ਦਿਤਾ ਗਿਆ ਸੀ, ਜਿਸ ਦੇ ਇਲਜ਼ਾਮ ਵਿਚ ਪਰਮਜੀਤ ਸਿੰਘ ਨੂੰ ਧਾਰਾ 302 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਸੱਟਾਂ ਲੱਗਣ ਕਰਕੇ ਉਸ ਨੂੰ 21 ਜੂਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਦੇਰ ਰਾਤ ਪਰਮਜੀਤ ਪੁਲਿਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਕੱਲ੍ਹ ਤਕ ਤਾਂ ਉਨ੍ਹਾਂ ਕੋਲ ਮਰੀਜ਼ ਸੀ ਪਰ ਜਦੋਂ ਅੱਜ ਸਵੇਰੇ ਉਸ ਨੂੰ ਵੇਖਣ ਗਏ ਤਾਂ ਉਹ ਵਾਰਡ ਵਿਚ ਮੌਜੂਦ ਨਹੀਂ ਸੀ। ਇਸ ਘਟਨਾ ਤੋਂ ਹਫ਼ੜਾ-ਦਫ਼ੜੀ ਮਚ ਗਈ ਹੈ। ਪੁਲਿਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।