ਕੈਦੀਆਂ ਨੂੰ ਖੜਕਾਉਣ ਵਾਲੇ ਬਹਾਦਰ ਅਧਿਕਾਰੀਆਂ ਨੂੰ ਮਿਲੇਗਾ 5 ਹਜ਼ਾਰ ਰੁਪਏ ਇਨਾਮ ਤੇ ਤਰੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੰਧਾਵਾ ਵਲੋਂ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ ਅਧਿਕਾਰੀਆਂ ਨੂੰ 5 ਹਜ਼ਾਰ ਰੁਪਏ ਇਨਾਮ, ਪ੍ਰਸ਼ੰਸਾ ਪੱਤਰ ਤੇ ਤਰੱਕੀ ਦੇਣ ਦਾ ਐਲਾਨ

Sukhjinder Singh Randhawa reached in Central Jail Ludhiana

ਲੁਧਿਆਣਾ/ਚੰਡੀਗੜ੍ਹ: ਪੰਜਾਬ ਦੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੇਂਦਰੀ ਜੇਲ੍ਹ ਲੁਧਿਆਣਾ ਦਾ ਦੌਰਾ ਕੀਤਾ ਜਿੱਥੇ ਕੱਲ੍ਹ ਹਿੰਸਾ ਵਾਪਰੀ ਸੀ। ਰੰਧਾਵਾ ਨੇ ਜੇਲ੍ਹ ਦਾ ਦੌਰਾ ਕਰਦਿਆਂ ਉਚ ਸੁਰੱਖਿਆ ਜ਼ੋਨ ਤੇ ਸਾਰੀਆਂ ਬੈਰਕਾਂ ਤੋਂ ਇਲਾਵਾ ਉਨ੍ਹਾਂ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ ਜਿੱਥੇ ਬੀਤੇ ਕੱਲ੍ਹ ਕੈਦੀਆਂ ਵਲੋਂ ਨੁਕਸਾਨ ਪਹੁੰਚਾਇਆ ਗਿਆ ਸੀ।

ਡੀ.ਜੀ.ਪੀ. (ਜੇਲ੍ਹਾਂ) ਰੋਹਿਤ ਚੌਧਰੀ ਨੇ ਜੇਲ੍ਹ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਪੂਰੇ ਘਟਨਾਕ੍ਰਮ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਇਸ ਪਿੱਛੇ ਕੁਝ ਗੈਂਗਸਟਰਾਂ ਵਲੋਂ ਸਾਜਿਸ਼ ਘੜੀ ਗਈ ਜਿਹੜੇ ਜੇਲ੍ਹ ਪ੍ਰਸ਼ਾਸਨ ਤੋਂ ਇਸ ਗੱਲੋਂ ਔਖੇ ਸਨ ਕਿ ਉਨ੍ਹਾਂ ਨੂੰ ਉਚ ਸੁਰੱਖਿਆ ਜ਼ੋਨ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਦਿਤੀ ਜਾ ਰਹੀ। ਇਸ ਤੋਂ ਇਲਾਵਾ ਇਨ੍ਹਾਂ ਨੂੰ ਜੇਲ੍ਹ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਲਿਜਾਣ ਤੋਂ ਰੋਕਿਆ ਜਾਂਦਾ ਹੈ।

ਰੰਧਾਵਾ ਜੇਲ੍ਹ ਅਧਿਕਾਰੀਆਂ ਨੂੰ ਵੀ ਮਿਲੇ ਜਿਨ੍ਹਾਂ ਨੇ ਕੱਲ੍ਹ ਦਲੇਰੀ ਤੇ ਹਿੰਮਤ ਨਾਲ ਬੇਕਾਬੂ ਹੋਏ ਕੈਦੀਆਂ ਨੂੰ ਨੱਥ ਪਾਉਣ ਵਿਚ ਅਹਿਮ ਰੋਲ ਨਿਭਾਇਆ। ਜੇਲ੍ਹ ਮੰਤਰੀ ਨੇ ਇਨ੍ਹਾਂ ਨੂੰ ਪ੍ਰਤੀ ਅਧਿਕਾਰੀ/ਕਰਮਚਾਰੀ 5,000 ਰੁਪਏ ਪ੍ਰੋਤਸਾਹਨ ਵਜੋਂ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ ਉਨ੍ਹਾਂ ਦੀ ਪਦਉਨਤੀ ਕਰਨ ਦਾ ਐਲਾਨ ਕੀਤਾ। ਜੇਲ੍ਹ ਮੰਤਰੀ ਨੇ ਉਨ੍ਹਾਂ ਕੈਦੀਆਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਸਥਿਤੀ ਨੂੰ ਕੰਟੋਰਲ ਕਰਨ ਲਈ ਜੇਲ੍ਹ ਅਧਿਕਾਰੀਆਂ ਦੀ ਮਦਦ ਕੀਤੀ।

ਇਨ੍ਹਾਂ ਕੈਦੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿਤੀਆਂ ਜਾਣਗੀਆਂ। ਜੇਲ੍ਹ ਮੰਤਰੀ ਨੇ ਇਸ ਦੌਰੇ ਮੌਕੇ ਮਹਿਸੂਸ ਕੀਤਾ ਕਿ ਭੀੜ ਨੂੰ ਕਾਬੂ ਵਿਚ ਲਿਆਉਣ ਲਈ ਅੱਥਰੂ ਗੈਸ ਨੇ ਅਹਿਮ ਰੋਲ ਨਿਭਾਇਆ ਜਿਸ ਕਾਰਨ ਉਨ੍ਹਾਂ ਮੌਕੇ 'ਤੇ ਹੀ ਡੀ.ਜੀ.ਪੀ. ਨਾਲ ਗੱਲ ਕਰਦਿਆਂ ਜੇਲ੍ਹ ਵਿਭਾਗ ਨੂੰ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਮੁਹੱਈਆ ਕਰਨ ਲਈ ਕਿਹਾ ਤਾਂ ਜੋ ਭਵਿੱਖ ਵਿਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾਵੇ।

ਰੰਧਾਵਾ ਨੇ ਕੱਲ੍ਹ ਦੀ ਘਟਨਾ ਵਿਚ ਜ਼ਖ਼ਮੀ ਹੋਏ ਜੇਲ੍ਹ ਅਧਿਕਾਰੀਆਂ ਅਤੇ ਕੈਦੀਆਂ ਦੀ ਸਿਹਤ ਬਾਰੇ ਵੀ ਜਾਣਕਾਰੀ ਲਈ ਜਿਹੜੇ ਇਸ ਵੇਲੇ ਜੇਲ੍ਹ ਹਸਪਤਾਲ, ਸਿਵਲ ਹਸਪਤਾਲ ਤੇ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਹਨ। ਜੇਲ੍ਹ ਮੰਤਰੀ ਨੇ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵਲੋਂ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਸਥਿਤੀ ਨੂੰ ਕੰਟੋਰਲ ਕਰਨ ਨਿਭਾਈ ਭੂਮਿਕਾ ਉਤੇ ਵੀ ਤਸੱਲੀ ਪ੍ਰਗਟਾਈ।

ਇਸ ਮੌਕੇ ਪ੍ਰਮੁੱਖ ਸਕੱਤਰ (ਜੇਲ੍ਹਾਂ) ਹੁਸਨ, ਡੀ.ਜੀ.ਪੀ. (ਜੇਲ੍ਹਾਂ) ਰੋਹਿਤ ਚੌਧਰੀ, ਆਈ.ਜੀ. (ਜੇਲ੍ਹਾਂ) ਆਰ.ਕੇ.ਅਰੋੜਾ, ਡੀ.ਆਈ.ਜੀ. (ਜੇਲ੍ਹਾਂ) ਐਸ.ਐਸ.ਸੈਣੀ ਤੇ ਐਲ.ਐਸ.ਜਾਖੜ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਸਣੇ ਜੇਲ੍ਹਾਂ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।