ਡੇਰਾ ਪ੍ਰੇਮੀ ਕਤਲ ਮਾਮਲਾ: ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਵਲੋਂ ਪੰਜਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ ਕਰਦਿਆਂ ਮੁੜ ਸੋਮਵਾਰ ਨੂੰ ਪੇਸ਼ ਕਰਨ ਦਾ ਹੁਕਮ

Mohinderpal Bittu

ਪਟਿਆਲਾ: ਡੇਰਾ ਪ੍ਰੇਮੀ ਕਤਲ ਮਾਮਲੇ 'ਚ ਮਨਿੰਦਰ ਅਤੇ ਗੁਰਸੇਵਕ ਸਿੰਘ ਸਣੇ ਪੰਜ ਜਾਣਿਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੀ ਅਪੀਲ ਸੁਣਦੇ ਹੋਏ ਅਦਾਲਤ ਨੇ ਉਕਤ ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ ਕਰ ਦਿਤਾ ਹੈ। ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਸੁਰੱਖਿਆ ਪ੍ਰਬੰਧ ਹੇਠਾਂ ਅੱਜ ਡੇਰਾ ਪ੍ਰੇਮੀ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਮਨਿੰਦਰ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਲੱਖਾ,

ਹਰਪ੍ਰੀਤ ਨਿਹਾਲਾ ਤੇ ਜਸਪ੍ਰੀਤ ਨੂੰ ਸੀਨੀਅਰ ਜੱਜ ਗੁਰਵਿੰਦਰ ਸਿੰਘ ਜੌਹਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਪੰਜਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ ਕਰਦਿਆਂ ਮੁੜ ਸੋਮਵਾਰ ਨੂੰ ਪੇਸ਼ ਕਰਨ ਦਾ ਹੁਕਮ ਦਿਤਾ ਹੈ। ਦੂਸਰੇ ਪਾਸੇ ਬਚਾਅ ਪੱਖ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਦਸਿਆ ਕਿ ਪੁਲਿਸ ਵਲੋਂ ਮਨਿੰਦਰ ਹੋਰਾਂ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਹੈ ਜਿਸ ਲਈ ਉਨ੍ਹਾਂ ਵਲੋਂ ਅਦਾਲਤ ਵਿਚ ਪੰਜਾਂ ਜਾਣਿਆਂ ਦਾ ਮੈਡੀਕਲ, ਪਰਵਾਰ ਤੇ ਵਕੀਲ ਨਾਲ ਮੁਲਾਕਾਤ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਅਦਾਲਤ ਵਲੋਂ ਉਕਤ ਮੰਗਾਂ ਵਿਚੋਂ ਸਾਰੀਆਂ ਮੰਨ ਲਈਆਂ ਗਈਆਂ ਹਨ ਜਦਕਿ ਮੈਡੀਕਲ ਕਰਵਾਉਣ ਲਈ ਪਰਸੋਂ ਦੁਪਹਿਰ ਦੋ ਵਜੇ ਦਾ ਸਮਾਂ ਦਿਤਾ ਗਿਆ ਹੈ। ਅਦਾਲਤ ਪੁੱਜੀ ਹਰਪ੍ਰੀਤ ਨਿਹਾਲਾ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਅਪਣੇ ਲੜਕੇ ਨਾਲ ਅੱਜ ਮੁਲਾਕਾਤ ਕੀਤੀ ਹੈ। ਇਸ ਦੌਰਾਨ ਹਰਪ੍ਰੀਤ ਨੇ ਦਸਿਆ ਕਿ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਹੈ ਕਿ ਉਹ ਅਪਣੀਆਂ ਲੱਤਾਂ 'ਤੇ ਵੀ ਸਹੀ ਤਰ੍ਹਾਂ ਖੜ੍ਹਾ ਨਹੀਂ ਹੋ ਸਕਦਾ।