ਸਰਕਾਰੀਆ ਨੇ ਸਹਾਇਕ ਸ਼ਹਿਰੀ ਯੋਜਨਾਕਾਰਾਂ ਅਤੇ ਯੋਜਨਾਬੰਦੀ ਅਫ਼ਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਸਬੰਧੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ

Sarkaria hands over appointment letters to assitant town planners and planning officers

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਪੁੱਡਾ ਭਵਨ ਵਿਚ 12 ਸਹਾਇਕ ਸ਼ਹਿਰੀ ਯੋਜਨਾਕਾਰਾਂ ਅਤੇ 27 ਯੋਜਨਾਬੰਦੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

ਨਿਯੁਕਤੀ ਪੱਤਰ ਸੌਂਪਣ ਲਈ ਰੱਖੇ ਸੰਖੇਪ ਸਮਾਗਮ ਦੌਰਾਨ ਸਰਕਾਰੀਆ ਨੇ ਕਿਹਾ ਕਿ ਵਿਭਾਗ ਦੇ ਕੰਮ-ਕਾਜ ਵਿਚ ਹੋਰ ਤੇਜ਼ੀ ਅਤੇ ਕਾਰਜਕੁਸ਼ਲਤਾ ਲਿਆਉਣ ਲਈ ਭਰਤੀ ਦੀ ਲੋੜ ਸੀ। ਹੁਣ ਇਨ੍ਹਾਂ ਅਫ਼ਸਰਾਂ ਦੀ ਇਮਾਨਦਾਰੀ ਨਾਲ ਕੰਮ ਕਰਨ ਅਤੇ ਲੋਕਾਂ ਨੂੰ ਨਿਰਵਿਘਨ ਅਤੇ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਦੇ ਸੁਚੱਜੇ ਵਿਕਾਸ ਵਿਚ ਯੋਜਨਾਬੰਦੀ ਦੀ ਅਹਿਮ ਭੂਮਿਕਾ ਹੁੰਦੀ ਹੈ।

ਵਿਭਾਗ ਵਿਚ ਨਵੇਂ ਮੁਲਾਜ਼ਮਾਂ ਦੇ ਆਉਣ ਨਾਲ ਜਿੱਥੇ ਕੰਮ ਦਾ ਬੋਝ ਘਟੇਗਾ ਉਥੇ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਵੀ ਮਿਲਣਗੀਆਂ। ਉਨ੍ਹਾਂ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਆਮ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। 

ਵਿਭਾਗ ਵਿਚ ਨਵੇਂ ਆਏ ਅਫ਼ਸਰਾਂ ਦਾ ਸਵਾਗਤ ਕਰਦਿਆਂ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਨਵੀਂ ਭਰਤੀ ਨਾਲ ਵਿਭਾਗ ਦੇ ਕੰਮ-ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਲੋਕਾਂ ਨੂੰ ਹੋਰ ਸੁਚੱਜੇ ਢੰਗ ਨਾਲ ਬਿਨਾਂ ਦੇਰੀ ਸੇਵਾਵਾਂ ਮੁਹੱਈਆ ਕਰਾਉਣ ਵਿਚ ਵੱਡੀ ਮਦਦ ਮਿਲੇਗੀ। ਉਨ੍ਹਾਂ ਨੇ ਮੰਤਰੀ ਨੂੰ ਭਰੋਸਾ ਦਿਤਾ ਕਿ ਵਿਭਾਗ ਨਾਲ ਸਬੰਧਤ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।