ਪੰਜਾਬ ਦੇ 13 ਜ਼ਿਲ੍ਹਿਆਂ 'ਚ ਵਿਛਾਈ ਜਾਵੇਗੀ ਰਸੋਈ ਗੈਸ ਪਾਈਪ ਲਾਈਨ : ਧਰਮਿੰਦਰ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ, ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਰਸੋਈ ਗੈਸ ਪਾਈਪ ਲਾਈਨ ਵਿਛਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਸੱਭ ਤੋਂ ਪਹਿਲਾਂ ਇਹ ਸਹੂਲਤ ਜ਼ਿਲ੍ਹਾ ਐਸ.ਏ.ਐਸ.ਨਗਰ..........

Union Minister Dharmendra Pradhan inaugurated the ceremony

ਐਸ.ਏ.ਐਸ.ਨਗਰ :  : ਕੇਂਦਰ ਸਰਕਾਰ, ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਰਸੋਈ ਗੈਸ ਪਾਈਪ ਲਾਈਨ ਵਿਛਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਸੱਭ ਤੋਂ ਪਹਿਲਾਂ ਇਹ ਸਹੂਲਤ ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਮੁਹਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਚਮਕੌਰ ਸਾਹਿਬ ਵਿਖੇ ਬਣਾਈ ਜਾਣ ਵਾਲੀ ਹੁਨਰ ਵਿਕਾਸ ਯੂਨੀਵਰਸਟੀ ਲਈ ਕੇਂਦਰ ਸਰਕਾਰ ਵਲੋਂ ਪੂਰਨ ਸਹਿਯੋਗ ਦਿਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਹੁਨਰ ਵਿਕਾਸ ਤੇ ਉਦਮਿਤਾ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਿੰਡ ਸਨੇਟਾ ਵਿਖੇ

ਲੜਕੀਆਂ ਲਈ ਬਣਾਈ ਜਾਣ ਵਾਲੀ ਪੰਜਾਬ ਦੀ ਪਹਿਲੀ ਕੌਮੀ ਹੁਨਰ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਣ ਅਤੇ ਮੋਹਾਲੀ ਵਿਖੇ ਦਿਵਿਆਂਗਾਂ ਲਈ ਪ੍ਰਧਾਨ ਮੰਤਰੀ ਹੁਨਰ ਕੇਂਦਰ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ।  ਪੰਜਾਬ ਸਰਕਾਰ ਵਲੋਂ ਇਸ ਸੰਸਥਾ ਲਈ ਜ਼ਮੀਨ ਮੁਹਈਆ ਕਰਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹ ਸੰਸਥਾ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ ਹੋਵੇਗੀ, ਸਗੋਂ ਜਿਹੜੇ ਟਰੇਨਰਜ਼ ਵੱਖ-ਵੱਖ ਖੇਤਰਾਂ ਵਿਚ ਟਰੇਨਿੰਗ ਦੇ ਰਹੇ ਹਨ, ਉਹ ਵੀ ਇਸ ਸੰਸਥਾ ਵਿਚ ਆ ਕੇ ਅਪਣੇ ਹੁਨਰ ਨੂੰ ਹੋਰ ਨਿਖਾਰ ਸਕਣਗੇ।

ਇਥੇ ਹੁਨਰ ਸਿਖਲਾਈ ਸਬੰਧੀ ਆਧੁਨਿਕ ਕੋਰਸ ਕਰਵਾਏ ਜਾਣਗੇ ਅਤੇ ਇਸ ਸੰਸਥਾ ਦਾ ਲਾਹਾ ਪੰਜਾਬ ਦੇ ਨਾਲ ਨਾਲ ਗੁਆਂਢੀ ਸੂਬਿਆਂ ਨੂੰ ਵੀ ਹੋਵੇਗਾ। ਇਸ ਦੇ ਨਿਰਮਾਣ ਉਤੇ 17 ਕਰੋੜ ਰੁਪਏ ਖ਼ਰਚੇ ਜਾਣੇ ਹਨ ਤੇ ਇਥੇ 240 ਲੜਕੀਆਂ ਸਿਖਲਾਈ ਲੈ ਸਕਣਗੀਆਂ।  ਇਸ ਤੋਂ ਪਹਿਲਾਂ ਸਮਾਗਮ ਦੌਰਾਨ ਕੇਂਦਰੀ ਮੰਤਰੀ ਦਾ ਸਵਾਗਤ ਕਰਦਿਆਂ ਤਕਨੀਕੀ ਸਿਖਿਆ ਮੰਤਰੀ, ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਕਰਾਰ ਵਲੋਂ ਇਸ ਸਿਖਲਾਈ ਸੰਸਥਾ ਸਬੰਧੀ ਸਹਿਯੋਗ ਦਿਤੇ ਜਾਣ ਲਈ ਧਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦਸਿਆ ਕਿ 30 ਜੁਲਾਈ ਨੂੰ ਮੋਹਾਲੀ ਵਿਖੇ ਕੌਮਾਂਤਰੀ ਰੁਜ਼ਗਾਰ ਮੇਲਾ ਵੀ ਲਾਇਆ ਜਾਣਾ ਹੈ।

ਉਨ੍ਹਾਂ ਨੇ ਇਸ ਸੰਸਥਾ ਲਈ ਜ਼ਮੀਨ ਦਿਤੇ ਜਾਣ ਸਬੰਧੀ ਸਨੇਟਾ ਵਾਸੀਆਂ ਤੇ ਕੈਬਨਿਟ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਨੇਟਾ ਵਿਚੇ ਸ਼ੁਰੂ ਹੋਣ ਵਾਲਾ ਇਹ ਪ੍ਰਾਜੈਕਟ ਕਾਫ਼ੀ ਸਮੇਂ ਤੋਂ ਪੈਂਡਿੰਗ ਪਿਆ ਸੀ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਿਆ ਕਿ ਜੇ ਇਸ ਸਬੰਧੀ ਕੰਮ ਸ਼ੁਰੂ ਨਾ ਹੋਇਆ ਤਾਂ ਇਹ ਪ੍ਰਾਜੈਕਟ ਪੰਜਾਬ ਕੋਲੋਂ ਵਾਪਸ ਲੈ ਲਿਆ ਜਾਵੇਗਾ। ਇਸ ਲਈ ਉਨ੍ਹਾਂ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤੇ ਅੱਜ ਉਨ੍ਹਾਂ ਯਤਨਾਂ ਨੂੰ ਬੂਰ ਪਿਆ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਫ਼ੌਜ ਵਿਚਲੇ ਪੰਜਾਬ ਦੇ ਪੁਰਾਣੇ ਕੋਟੇ ਨੂੰ ਬਹਾਲ ਕਰਨ ਅਤੇ ਪੰਜਾਬ ਦੀ ਸਨਅੱਤ ਲਈ ਗੁਆਂਢੀ ਰਾਜ਼ਾਂ ਦੀ ਤਰ੍ਹਾਂ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਦੇ ਨਾਲ ਨਾਲ ਦੇਸ਼ ਦੇ ਸਮੁੱਚੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਵੀ ਰੱਖੀ।  ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਮੰਤਰੀ ਰਾਜ ਦੇ 13 ਜ਼ਿਲ੍ਹਿਆਂ ਵਿਚ ਰਸੋਈ ਗੈਸ ਪਾਈਪ ਲਾਈਨ ਵਿਛਾਉਣ ਦੀ ਯੋਜਨਾ ਬਣਾਏ ਜਾਣ ਸਬੰਧੀ ਵਿਸ਼ੇਸ ਤੌਰ 'ਤੇ ਧਨਵਾਦ ਕੀਤਾ ਅਤੇ ਮੋਹਾਲੀ ਵਿਚ ਇਸ ਕੰਮ ਨੂੰ ਛੇਤੀ ਤੋਂ ਛੇਤੀ ਨੇਪਰੇ ਚੜ੍ਹਾਉਣ ਦੀ ਮੰਗ ਵੀ ਕੀਤੀ।

ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ, ਸ. ਗੁਰਪ੍ਰੀਤ ਸਿੰਘ ਜੀ.ਪੀ., ਨਰਿੰਦਰ ਸ਼ਰਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ (ਸਾਰੇ ਵਿਧਾਇਕ), ਕੈਬਿਨਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਡੀ.ਕੇ.ਤਿਵਾੜੀ ਆਦਿ ਮੌਜੂਦ ਸਨ।