ਬੁੱਢਾ ਦਲ ਪਬਲਿਕ ਸਕੂਲਾਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇਕ ਦਿਨ ਦੀ ਦਿਤੀ ਤਨਖ਼ਾਹ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਹੜ੍ਹ ਪੀੜਤ ਖੇਤਰ ਵਿਚ ਜਿਥੇ ਜ਼ਿਆਦਾ ਲੋਕ ਪ੍ਰਭਾਵਤ ਹੋਏ ਹਨ ਦੀ ਸਹਾਇਤਾ ਲਈ ਬੁੱਢਾ ਦਲ ਦੇ ਨਿਹੰਗ ਸਿੰਘ ਪਹੁੰਚ ਕਰਨਗੇ।

Budha Dal Public Schools pay one-day salary to help flood victims

ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਅਪਣੇ ਪੁਰਖ਼ਿਆਂ ਦੇ ਪੁਰਾਤਨ ਇਤਿਹਾਸ ਨੂੰ ਦਹਰਾਉਂਦਿਆਂ ਹੜ੍ਹ ਪੀੜਤ ਲੋਕਾਂ ਦਾ ਦੁੱਖ ਵੰਡਾਉਣ ਲਈ ਸਹਾਇਤਾ ਵੰਡਣ ਦਾ ਫ਼ੈਸਲਾ ਲਿਆ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਅਪਣੇ ਨਿਜੀ ਖ਼ਜ਼ਾਨੇ ਵਿਚੋਂ ਤੇ ਬੁੱਢਾ ਦਲ ਦੇ ਪ੍ਰ੍ਰਬੰਧ ਅਧੀਨ ਚਲ ਰਹੇ ਬੁੱਢਾ ਦਲ ਪਬਲਿਕ ਸਕੂਲਾਂ ਦੇ ਸਮੂਹ ਮੁਲਾਜ਼ਮਾਂ ਨੇ ਅਪਣੀ ਇਕ-ਇਕ ਦਿਨ ਦੀ ਤਨਖ਼ਾਹ ਅਤੇ ਵਿਦਿਆਰਥੀਆਂ ਨੇ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅਪਣਾ ਯੋਗਦਾਨ ਪਾਇਆ ਹੈ।

ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਨੇ ਦਸਿਆ ਕਿ ਬੁੱਢਾ ਦਲ ਨੇ ਅਪਣੇ ਵਿੱਤੀ ਖ਼ਜ਼ਾਨੇ ਵਿਚੋਂ ਅਤੇ ਬੁੱਢਾ ਦਲ ਦੇ ਪ੍ਰਬੰਧ ਅਧੀਨ ਚਲਦੇ  ਪਬਲਿਕ ਸਕੂਲਾਂ ਪਟਿਆਲਾ, ਜ਼ੀਰਕਪੁਰ ਅਤੇ ਸਮਾਣਾ ਸਕੂਲਾਂ ਦੇ ਸਾਰੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਇਕ-ਇਕ ਦਿਨ ਦੀ ਤਨਖ਼ਾਹ ਸਹਾਇਤਾ ਫ਼ੰਡ ਵਿਚ ਦਿਤੀ ਹੈ। ਇਸੇ ਤਰ੍ਹਾਂ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਜਥਾਸ਼ਕਤ ਅਪਣਾ ਹਿੱਸਾ ਪਾਇਆ ਹੈ।

ਉਨ੍ਹਾਂ ਦਸਿਆ ਕਿ ਹੜ੍ਹ ਪੀੜਤ ਖੇਤਰ ਵਿਚ ਜਿਥੇ ਜ਼ਿਆਦਾ ਲੋਕ ਪ੍ਰਭਾਵਤ ਹੋਏ ਹਨ ਦੀ ਸਹਾਇਤਾ ਲਈ ਬੁੱਢਾ ਦਲ ਦੇ ਨਿਹੰਗ ਸਿੰਘ ਪਹੁੰਚ ਕਰਨਗੇ। ਉਨ੍ਹਾਂ ਦਸਿਆ ਕਿ ਲੋੜੀਂਦੀਆਂ ਵਸਤਾਂ ਸੱਭ ਇਕੱਤਰ ਕਰ ਲਈਆਂ ਹਨ ਜਿਨ੍ਹਾਂ ਵਿਚ ਰਸੋਈ ਰਸਦਾਂ ਵਸਤਾਂ ਤੋਂ ਇਲਾਵਾ ਰਾਹਤ ਸਮਗਰੀ ਸ਼ਾਮਲ ਹੈ। ਇਹ ਰਾਹਤ ਸਮਗਰੀ ਬੁੱਢਾ ਦਲ ਵਲੋਂ ਕਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਈ ਜਾਵੇਗੀ।