ਰੀਲੀਜ਼ ਤੋਂ ਪਹਿਲਾਂ ਵਿਵਾਦਾਂ 'ਚ ਘਿਰੀ ਪੰਜਾਬੀ ਫ਼ਿਲਮ 'ਡਾਕਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ਿਲਮ 'ਚ ਪੰਜਾਬ ਗ੍ਰਾਮੀਣ ਬੈਂਕ ਦਾ ਨਾਂ ਵਰਤਣ ਕਾਰਨ ਹਾਈ ਕੋਰਟ 'ਚ ਕੇਸ ਦਾਇਰ 

Case filed in High Court on Punjabi film 'Daka'

ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗ੍ਰੇਵਾਲ ਦੀ ਨਵੀਂ ਫ਼ਿਲਮ 'ਡਾਕਾ' ਰੀਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਬੈਂਕ ਡਕੈਤੀ ਦੇ ਕੰਸੈਪਟ 'ਤੇ ਬਣੀ ਇਸ ਫ਼ਿਲਮ ਵਿਰੁਧ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਹੋਈ ਹੈ। ਇਹ ਪਟੀਸ਼ਨ ਪੰਜਾਬ ਗ੍ਰਾਮੀਣ ਬੈਂਕ ਵਲੋਂ ਦਾਇਰ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੇ ਫ਼ਿਲਮ ਦੀ ਰੀਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਫ਼ਿਲਮ 'ਚ ਪੰਜਾਬ ਗ੍ਰਾਮੀਣ ਬੈਂਕ 'ਚ ਡਕੈਤੀ ਦਾ ਸੀਨ ਵਿਖਾਇਆ ਗਿਆ ਹੈ। ਪਟੀਸ਼ਨ ਮੁਤਾਬਕ ਫ਼ਿਲਮ 'ਚ ਬੈਂਕ ਨੂੰ ਗ਼ਰੀਬ ਅਤੇ ਖ਼ਸਤਾ ਹਾਲਤ 'ਚ ਵਿਖਾਇਆ ਗਿਆ ਹੈ। ਫ਼ਿਲਮ 'ਚ ਬੈਂਕ ਦਾ ਨਾਂ ਵਰਤਣ ਤੋਂ ਪਹਿਲਾਂ ਬੈਂਕ ਤੋਂ ਕਿਸੇ ਤਰ੍ਹਾਂ ਦੀ ਮਨਜੂਰੀ ਨਹੀਂ ਲਈ ਗਈ। ਇਸ ਲਈ ਉਨ੍ਹਾਂ ਨੇ ਫ਼ਿਲਮ ਵਿਰੁਧ ਹਾਈ ਕੋਰਟ 'ਚ ਕੇਸ ਦਾਇਰ ਕੀਤਾ ਹੈ।

ਉਥੇ ਹਾਈ ਕੋਰਟ ਨੇ ਫ਼ਿਲਮ ਦੀ ਰੀਲੀਜ਼ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਅਦਾਲਤ ਨੇ ਕਿਹਾ ਕਿ ਫ਼ਿਲਮ 'ਚ ਜਿੱਥੇ-ਜਿੱਥੇ ਬੈਂਕ ਦਾ ਨਾਂ ਵਿਖਾਈ ਦੇ ਰਿਹਾ ਹੈ, ਉਸ ਨੂੰ ਧੁੰਦਲਾ ਕਰੋ। ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਸੁਨੀਲ ਦੀਕਸ਼ਿਤ ਅਤੇ ਸੌਰਭ ਵਰਮਾ ਨੇ ਕਿਹਾ ਕਿ ਇਸ ਫ਼ਿਲਮ 'ਚ ਜਿਹੜਾ ਬੈਂਕ ਵਿਖਾਇਆ ਗਿਆ ਹੈ, ਉਸ ਦੇ ਬੈਨਰਾਂ, ਪੋਸਟਰਾਂ ਅਤੇ ਕੈਲੰਡਰਾਂ 'ਤੇ ਪੰਜਾਬ ਗ੍ਰਾਮੀਣ ਬੈਂਕ ਨੂੰ ਵਿਖਾਇਆ ਗਿਆ ਹੈ।

ਇਥੇ ਤਕ ਕਿ ਫ਼ਿਲਮ 'ਚ ਜਿਹੜੇ ਸਕਿਊਰਿਟੀ ਗਾਰਡ ਨੇ ਵਰਦੀ ਪਹਿਨੀ ਹੈ, ਉਹ ਵੀ ਬਿਲਕੁਲ ਬੈਂਕ ਦੀ ਅਸਲ ਯੂਨੀਫ਼ਾਰਮ ਵਰਗੀ ਹੈ। ਜ਼ਿਕਰਯੋਗ ਹੈ ਕਿ ਗਿੱਪੀ ਗ੍ਰੇਵਾਲ ਅਤੇ ਜ਼ਰੀਨ ਖ਼ਾਨ ਦੀ ਇਹ ਫ਼ਿਲਮ 1 ਨਵੰਬਰ ਨੂੰ ਰੀਲੀਜ਼ ਹੋ ਰਹੀ ਹੈ। ਇਸ ਫ਼ਿਲਮ ਤੋਂ ਪਹਿਲਾਂ ਵੀ ਇਹ ਦੋਵੇਂ ਕਲਾਕਾਰ 'ਜੱਟ ਜੇਮਸ ਬੋਂਡ' ਫ਼ਿਲਮ 'ਚ ਨਜ਼ਰ ਆਏ ਸਨ ਅਤੇ ਉਹ ਫ਼ਿਲਮ ਵੀ ਬੈਂਕ ਡਕੈਤੀ ਦੇ ਕੰਸੈਪਟ 'ਤੇ ਹੀ ਬਣੀ ਸੀ।

ਵਕੀਲ ਸੁਨੀਲ ਦੀਕਸ਼ਿਤ ਨੇ ਦਸਿਆ ਕਿ ਇਸ ਫ਼ਿਲਮ 'ਚ ਪੰਜਾਬ ਗ੍ਰਾਮੀਣ ਬੈਂਕ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦੇ ਸਪਾਂਸਰਡ ਬੈਂਕ ਦਾ ਨਾਂ ਵੀ ਫ਼ਿਲਮ 'ਚ ਹੈ, ਪਰ ਉਸ ਨੂੰ ਉਨ੍ਹਾਂ ਨੇ ਜਾਣਬੁੱਝ ਕੇ ਬਲਰ ਕਰ ਦਿੱਤਾ ਹੈ। ਪਰ ਜਿਥੇ ਉਨ੍ਹਾਂ ਦੇ ਬੈਂਕ ਦਾ ਨਾਂ ਹੈ, ਉਥੇ ਬਲਰ ਨਹੀਂ ਕੀਤਾ ਗਿਆ ਹੈ। ਮਤਲਬ ਉਨ੍ਹਾਂ ਨੇ ਜਾਣਬੁੱਝ ਕੇ ਬੈਂਕ ਦੇ ਨਾਂ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪਟੀਸ਼ਨ 'ਚ ਉਨ੍ਹਾਂ ਕਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਦੀ ਸੂਬੇ 'ਚ ਆਪਣੀ ਇਕ ਪਛਾਣ ਹੈ। ਉਨ੍ਹਾਂ ਦੀ ਪੂਰੇ ਸੂਬੇ 'ਚ 416 ਬਰਾਂਚਾਂ ਹਨ। ਇਸ ਫ਼ਿਲਮ 'ਚ ਜਿਵੇਂ ਸੀਨ ਵਿਖਾਏ ਗਏ ਹਨ, ਉਸ ਨਾਲ ਕਿਤੇ ਨਾ ਕਿਤੇ ਪੰਜਾਬ ਦੀ ਪੇਂਡੂ ਆਬਾਦੀ 'ਚ ਬੈਂਕ ਦਾ ਅਕਸ ਜ਼ਰੂਰ ਖ਼ਰਾਬ ਹੋਵੇਗਾ। ਪੰਜਾਬ ਦੇ ਪੇਂਡੂ ਖੇਤਰ ਦੇ ਲੋਕਾਂ ਦਾ ਬੈਂਕ 'ਤੇ ਕਾਫ਼ੀ ਭਰੋਸਾ ਹੈ।