ਕੈਪਟਨ ਨੇ ਆਈ.ਏ.ਐਸ. ਅਫ਼ਸਰਾਂ ਨੂੰ ਸਰਹੱਦ ਪਾਰੋਂ ਅਤਿਵਾਦੀ ਰੋਕਣ ਦੀ ਦਿਤੀ ਨਸੀਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੁਚੇਤ ਰਹਿਣ ਅਤੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ।

Capt Amarinder and Punjab IAS officers

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੇ ਸਿਵਲ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਕਸ਼ਮੀਰ ਵਿੱਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਸਰਹੱਦ ਪਾਰ ਤੋਂ ਭਾਰਤ ਵਿਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਵਧੇਰੇ ਚੌਕਸ ਰਹੋ ਅਤੇ ਸੁਰੱਖਿਆ ਬਲਾਂ ਨਾਲ ਹੋਰ ਬਿਹਤਰ ਤਾਲਮੇਲ ਬਿਠਾਇਆ ਜਾਵੇ। ਪੰਜਾਬ ਆਈ.ਏ.ਐਸ. ਅਫਸਰਜ਼ ਐਸੋਸੀਏਸ਼ਨ ਨੂੰ ਆਪਣੀ ਸਰਕਾਰੀ ਰਿਹਾਇਸ਼ ਵਿਖੇ ਦਿੱਤੇ ਰਾਤਰੀ ਭੋਜ ਦੇ ਸੱਦੇ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰ ਕੇ ਜ਼ਿਆਦਾ ਸੰਵੇਦਨਸ਼ੀਲ ਹੈ ਜਿਸ ਕਰਕੇ ਸੂਬਾ ਵਾਸੀਆਂ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਸਿਵਲ ਤੇ ਸੁਰੱਖਿਆ ਏਜੰਸੀਆਂ ਨੂੰ ਹੋਰ ਵੀ ਚੌਕਸ ਰਹਿ ਕੇ ਕੰਮ ਕਰਨ ਦੀ ਲੋੜ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਕਿਸੇ ਵੀ ਕੀਮਤ 'ਤੇ ਭੰਗ ਨਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮੌਜੂਦਾ ਹਾਲਤਾਂ ਵਿੱਚ ਆਈ.ਏ.ਐਸ. ਅਧਿਕਾਰੀਆਂ ਦਾ ਰੋਲ ਹੋਰ ਵੀ ਵਧੇਰੇ ਅਹਿਮ ਹੋ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੁਚੇਤ ਰਹਿਣ ਅਤੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਲਈ ਉਨ੍ਹਾਂ ਦੇ ਅੱਖ-ਕੰਨ ਬਣ ਕੇ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ। ਪੰਜਾਬ ਦੇ ਕਿਸੇ ਵੀ ਮੁੱਖ ਮੰਤਰੀ ਵੱਲੋਂ ਆਈ.ਏ.ਐਸ. ਅਧਿਕਾਰੀਆਂ ਨੂੰ ਦਿੱਤੇ ਆਪਣੀ ਕਿਸਮ ਦੇ ਅਜਿਹੇ ਪਹਿਲੇ ਰਾਤਰੀ ਭੋਜ ਮੌਕੇ 100 ਦੇ ਕਰੀਬ ਪੁਰਸ਼ ਤੇ ਮਹਿਲਾ ਆਈ.ਏ.ਐਸ. ਅਧਿਕਾਰੀ ਸ਼ਾਮਲ ਹੋਏ।

ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਨਾਗਰਿਕਾਂ ਦੀਆਂ ਜ਼ਰੂਰਤਾਂ ਖਾਸ ਕਰ ਕੇ ਵਿਧਾਇਕਾਂ ਅਤੇ ਹਥਿਆਰਬੰਦ ਸੈਨਿਕਾਂ ਲਈ ਅਧਿਕਾਰੀਆਂ ਨੂੰ ਹੋਰ ਵੀ ਸੰਵੇਦਨਸ਼ੀਲ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੈਨਿਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਹੋਰ ਵੀ ਜਵਾਬਦੇਹ ਬਣਨ ਜਿਹੜੇ ਸ਼ਾਂਤੀ ਵੇਲੇ ਵੀ ਪ੍ਰਸ਼ਾਸਨ ਦੇ ਉਨੇ ਹੀ ਮੱਦਦਗਾਰ ਸਾਬਤ ਹੁੰਦੇ ਹਨ ਜਿੰਨੇ ਕਿਸੇ ਵੀ ਕਿਸਮ ਦੇ ਅੰਦਰੂਨੀ ਤੇ ਬਾਹਰੀ ਖਤਰੇ ਦੀ ਹਾਲਤ ਵੇਲੇ ਸਹਾਇਕ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਫੌਜ ਦਾ ਜਵਾਨ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਦਾ ਹੈ, ਉਹ ਖਾਲੀ ਹੱਥ ਵਾਪਸ ਨਹੀਂ ਜਾਣਾ ਚਾਹੀਦਾ।

ਮੁੱਖ ਮੰਤਰੀ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਵੇਲੇ ਪ੍ਰਸ਼ਾਸਨ ਵੱਲੋਂ ਕੀਤੇ ਵਧੀਆ ਰਾਹਤ ਕਾਰਜਾਂ ਲਈ ਅਧਿਕਾਰੀਆਂ ਨੂੰ ਸਲਾਹਿਆ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਈ.ਏ.ਐਸ. ਅਧਿਕਾਰੀਆਂ ਤੇ ਵਿਧਾਇਕਾਂ ਵਿਚਾਲੇ ਆਪਸੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨੁਮਾਇੰਦੇ ਹੋਣ ਕਰ ਕੇ ਵਿਧਾਇਕਾਂ ਨੂੰ ਆਪੋ-ਆਪਣੇ ਖੇਤਰ ਦੀਆਂ ਜ਼ਮੀਨੀ ਹਕੀਕਤਾਂ ਅਤੇ ਸਥਾਨਕ ਲੋੜਾਂ ਦਾ ਵੱਧ ਪਤਾ ਹੁੰਦਾ ਹੈ। ਅਧਿਕਾਰੀਆਂ ਤਰਫੋਂ ਪੰਜਾਬ ਆਈ.ਏ.ਐਸ. ਅਫਸਰਜ਼ ਐਸੋਸੀਏਸ਼ਨ ਦੀ ਪ੍ਰਧਾਨ ਵਿਨੀ ਮਹਾਜਨ ਨੇ ਮੁੱਖ ਮੰਤਰੀ ਦੀ ਇਸ ਨਿਵੇਕਲੀ ਪਹਿਲ ਲਈ ਧੰਨਵਾਦ ਕੀਤਾ। ਕੈਪਟਨ ਅਮਰਿੰਦਰ ਸਿੰਘ ਇਕ ਜਮਾਂਦਰੂ ਆਗੂ ਹਨ ਜਿਨ੍ਹਾਂ ਨੇ ਆਪਣੇ ਨਿੱਘ ਅਤੇ ਸਮਝ ਕਰ ਕੇ ਹਰੇਕ ਨੂੰ ਪ੍ਰੇਰਿਤ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।