ਬਠਿੰਡਾ ਦੇ ਮਿੰਨੀ ਚਿੜੀਆਘਰ ’ਚੋਂ ਚੰਦਨ ਦੇ 5 ਦਰੱਖ਼ਤ ਚੋਰੀ, 3 ਮੁਲਾਜ਼ਮਾਂ ਨੂੰ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਗਲਾਤ ਮੰਤਰੀ ਨੇ ਕਿਹਾ- ਕਰਮਚਾਰੀਆਂ ਦੀ ਹੋ ਸਕਦੀ ਹੈ ਮਿਲੀਭੁਗਤ

5 sandalwood trees stolen from Bathinda's mini zoo



ਬਠਿੰਡਾ:  ਜ਼ਿਲ੍ਹੇ ਦੇ ਪਿੰਡ ਬੀੜ ਤਾਲਾਬ ਵਿਚ ਸਥਿਤ ਮਿੰਨੀ ਚਿੜੀਆਘਰ ਕਮ ਹਿਰਨ ਸਫਾਰੀ ਵਿਚੋਂ ਚੰਦਨ ਦੇ ਦਰੱਖਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਇਹ ਮਾਮਲਾ 30 ਸਤੰਬਰ ਨੂੰ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਧਿਆਨ ਵਿਚ ਆਇਆ ਸੀ ਪਰ 28 ਦਿਨਾਂ ਬਾਅਦ ਅਧਿਕਾਰੀਆਂ ਨੇ ਵਿਭਾਗ ਦੇ ਤਿੰਨ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।

ਜਾਣਕਾਰੀ ਅਨੁਸਾਰ ਮਿੰਨੀ ਚਿੜੀਆਘਰ ਕਮ ਹਿਰਨ ਸਫਾਰੀ ਵਿਚ ਚੰਦਨ ਦੇ 7 ਦਰੱਖਤ ਹਨ। 28 ਸਤੰਬਰ ਦੀ ਰਾਤ ਨੂੰ ਕਿਸੇ ਨੇ ਹਿਰਨ ਸਫਾਰੀ ਤੋਂ ਚੰਦਨ ਦੇ 5 ਦਰੱਖਤ ਚੋਰੀ ਵੱਢ ਦਿੱਤੇ। ਹਾਲਾਂਕਿ ਹਿਰਨ ਸਫਾਰੀ ਦਾ ਸਿਰਫ ਇਕ ਗੇਟ ਹੈ ਜਿਸ ’ਤੇ 24 ਘੰਟੇ ਪਹਿਰਾ ਰਹਿੰਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 28 ਸਤੰਬਰ ਅਤੇ 15 ਅਕਤੂਬਰ ਨੂੰ ਚੰਦਨ ਦੇ ਦਰੱਖਤ ਦੋ ਵਾਰ ਕੱਟੇ ਜਾ ਚੁੱਕੇ ਹਨ। ਜਿਸ ਰਾਤ ਇਹ ਮਹਿੰਗੇ ਦਰੱਖਤ ਕੱਟੇ ਗਏ, ਉਸ ਰਾਤ ਹਿਰਨ ਸਫਾਰੀ 'ਚ 5 ਮੁਲਾਜ਼ਮ ਡਿਊਟੀ 'ਤੇ ਸਨ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਚੰਦਨ ਦੇ ਦਰੱਖਤ ਚੋਰੀ ਕੀਤੇ ਗਏ ਹਨ।

ਘਟਨਾ ਦਾ ਪਤਾ 29 ਸਤੰਬਰ ਨੂੰ ਉਸ ਸਮੇਂ ਲੱਗਾ ਜਦੋਂ ਜੰਗਲਾਤ ਗਾਰਡ ਸਰਵਜੀਤ ਕੌਰ ਹਿਰਨ ਸਫਾਰੀ 'ਤੇ ਡਿਊਟੀ 'ਤੇ ਪਹੁੰਚੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਥੋਂ ਦੋ ਹਰੇ ਅਤੇ ਇਕ ਸੁੱਕੇ ਚੰਦਨ ਦੇ ਦਰੱਖਤ ਕੱਟ ਕੇ ਚੋਰੀ ਕੀਤੇ ਗਏ ਸਨ। ਇਸ ਤੋਂ ਬਾਅਦ ਪੂਰੇ ਮਿੰਨੀ ਚਿੜੀਆਘਰ ਅਤੇ ਹਿਰਨ ਸਫਾਰੀ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇੱਥੋਂ ਚੰਦਨ ਦੇ 5 ਦਰੱਖਤ ਚੋਰੀ ਹੋ ਚੁੱਕੇ ਹਨ। ਹਿਰਨ ਸਫਾਰੀ ਵਿਚ ਇਕ ਡਿੱਗਿਆ ਹੋਇਆ ਦਰੱਖਤ ਪਿਆ ਸੀ, ਜਿਸ ਤੋਂ ਲੱਗਦਾ ਹੈ ਕਿ ਚੋਰ ਕਿਸੇ ਕਾਰਨ ਇਸ ਨੂੰ ਚੁੱਕ ਨਹੀਂ ਸਕੇ। ਚੰਦਨ ਦੇ ਦਰੱਖਤਾਂ ਦੀ ਚੋਰੀ ਦੇ ਮਾਮਲੇ ਵਿਚ ਵਣ ਰੇਂਜ ਅਫਸਰ ਨੇ ਮਿੰਨੀ ਚਿੜੀਆਘਰ ਅਤੇ ਹਿਰਨ ਸਫਾਰੀ ਦੇ ਤਿੰਨ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਵਣ ਗਾਰਡਾਂ ਰਾਜਕੁਮਾਰ, ਬੇਲਦਾਰ ਵਿਜੇ ਕੁਮਾਰ ਅਤੇ ਰਾਮ ਲਾਲ ਨੂੰ ਨੋਟਿਸ ਦਾ 7 ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਹੈ। ਜੇਕਰ ਉਹ 7 ਦਿਨਾਂ ਦੇ ਅੰਦਰ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਨੋਟਿਸ ਵਿਚ ਲਿਖਿਆ ਗਿਆ ਹੈ ਕਿ ਮੁਲਾਜ਼ਮਾਂ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ, ਜਿਸ ਕਾਰਨ ਪੰਜਾਬ ਸਰਕਾਰ ਨੂੰ ਖੱਜਲ-ਖੁਆਰ ਹੋਣਾ ਪਿਆ ਹੈ। ਇਸ ਸਬੰਧੀ ਸੂਬੇ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜਾਂਚ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਨੂੰ ਦਬਾਉਣ ਸਬੰਧੀ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾਮਲਾ ਗੰਭੀਰ ਹੈ ਅਤੇ ਇਸ ਦੀ ਜਾਂਚ ਕਰਕੇ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਵੇਗੀ।