ਸਿੱਧੂ ਜੀ! ਸੁਜਾਨ ਸਿੰਘ ਨੂੰ ਪਾਕਿ ਜੇਲ ਵਿਚੋਂ ਰਿਹਾਅ ਕਰਵਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

54 ਸਾਲਾਂ ਤੋਂ ਪਾਕਿ ਜੇਲ 'ਚ ਬੰਦ ਜੰਗੀ ਸਿਪਾਹੀ ਦੇ ਪਰਵਾਰ ਦੀ ਅਪੀਲ......

Sidhu ji! Get Sujan Singh released from Paki Jail

ਗੁਰਦਾਸਪੁਰ  : ਨਜ਼ਦੀਕੇ ਪਿੰਡ ਬਰਨਾਲਾ ਦਾ ਜੰਗੀ ਸਿਪਾਹੀ ਸੁਜਾਨ ਸਿੰਘ ਪਿਛਲੇ 54 ਸਾਲਾਂ ਤੋਂ ਪਾਕਿਸਤਾਨ ਦੀ ਕਾਲ ਕੋਠੜੀ ਵਿਚ ਬੰਦ ਹੈ। ਸੁਜਾਨ ਸਿੰਘ ਦੇ ਭਰਾ ਮਹਿੰਦਰ ਸਿੰਘ ਅਤੇ ਭਾਬੀ ਬਿਮਲਾ ਦੇਵੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨਾਲ ਸੁਜਾਨ ਸਿੰਘ ਦੀ ਰਿਹਾਈ ਦੀ ਗੱਲ ਕਰਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਬਣਾਏ ਜਾਣ ਦੇ ਫ਼ੈਸਲੇ ਨਾਲ ਉਨ੍ਹਾਂ ਨੂੰ ਵੀ ਸੁਜਾਨ ਦੀ ਰਿਹਾਈ ਦੀ ਆਸ ਦਿਸੀ ਹੈ।

ਉਨ੍ਹਾਂ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਜਦ ਅਗਲੀ ਵਾਰ ਜਨਰਲ ਬਾਜਵਾ ਨੂੰ ਗਲਵਕੜੀ ਪਾਉਣ ਤਾਂ 1965 ਅਤੇ 1971 ਦੀਆਂ ਜੰਗਾਂ ਦੌਰਾਨ ਬੰਦੀ ਬਣਾਏ ਗਏ ਫ਼ੌਜੀਆਂ ਦੀ ਰਿਹਾਈ ਦੀ ਵੀ ਮੰਗ ਕਰਨ। ਇਨ੍ਹਾਂ ਫ਼ੌਜੀਆਂ ਵਿਚ ਸੁਜਾਨ ਸਿੰਘ ਵੀ ਸ਼ਾਮਲ ਹੈ ਜਿਹੜਾ 54 ਸਾਲਾਂ ਤੋਂ ਪਾਕਿਸਤਾਨ ਦੀਆਂ ਵੱਖ-ਵੱਖ ਜੇਲਾਂ ਵਿਚ ਤਸੀਹੇ ਝੱਲ ਰਿਹਾ ਹੈ। ਮਹਿੰਦਰ ਸਿੰਘ ਨੇ ਦਸਿਆ ਕਿ ਸੁਜਾਨ ਸਿੰਘ ਨੇ 1965 ਦੇ ਭਾਰਤ-ਪਾਕਿ ਯੁੱਧ ਵਿਚ ਅਪਣੀ ਬਹਾਦਰੀ ਦਾ ਲੋਹਾ ਮਨਵਾਇਆ ਸੀ। ਉਸ ਨੂੰ ਉਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਿਤਾ ਦੇ ਵਿਛੋੜੇ ਦੇ ਗ਼ਮ ਵਿਚ ਮਾਂ ਸੰਤੋ ਦੇਵੀ ਨੇ ਖਾਣਾ-ਪੀਣਾ ਛੱਡ ਦਿਤਾ ਅਤੇ ਕੁੱਝ ਸਮੇਂ ਬਾਅਦ ਪੁੱਤਰ ਵਿਯੋਗ ਵਿਚ ਚੱਲ ਵੱਸੀ। 

1970 ਵਿਚ ਮਿਲੀ ਗ੍ਰਿਫ਼ਤਾਰੀ ਦੀ ਖ਼ਬਰ : ਸੁਜਾਨ ਸਿੰਘ 1957 ਵਿਚ ਭਾਰਤੀ ਫ਼ੌਜ ਦੀ 14ਵੀਂ ਫ਼ੀਲਡ ਰੈਜੀਮੇਂਟ ਵਿਚ ਭਰਤੀ ਹੋਇਆ ਸੀ। ਉਸ ਦੇ ਵਿਆਹ ਨੂੰ ਕੁੱਝ ਮਹੀਨੇ ਹੀ ਬੀਤੇ ਸਨ ਕਿ ਜੰਗ ਦਾ ਐਲਾਨ ਹੋ ਗਿਆ। ਸੁਜਾਨ ਸਿੰਘ ਨਵ ਵਿਆਹੀ ਪਤਨੀ ਨੂੰ ਛੱਡ ਕੇ ਜੰਗ ਲਈ ਚਲਾ ਗਿਆ। ਜੰਗ ਖ਼ਤਮ ਹੋ ਗਈ ਪਰ ਵਾਪਸ ਨਾ ਆਇਆ।

6 ਜੁਲਾਈ 1970 ਨੂੰ ਅੰਮ੍ਰਿਤਸਰ ਦੇ ਪਿੰਡ ਸਾਹੋਵਾਲ ਦੇ ਦੋ ਕੈਦੀ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਵਤਨ ਮੁੜੇ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਦੇ ਸੁਪਰਡੈਂਟ ਨੂੰ ਦਸਿਆ ਕਿ ਭਾਰਤੀ ਫ਼ੌਜ ਦਾ ਵਾਇਰਲੈਸ ਆਪ੍ਰੇਟਰ ਸੁਜਾਨ ਸਿੰਘ ਸਿਆਲਕੋਟ ਜੇਲ ਦੇ ਇੰਟੈਰੋਗੇਸ਼ਨ ਸੈੱਲ ਵਿਚ ਬੰਦ ਹੈ ਜਿਥੇ ਉਸ ਉਪਰ ਜ਼ੁਲਮ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਉਸ ਨੇ ਜੇਲ ਵਿਚੋਂ ਪਰਵਾਰ ਨੂੰ ਖ਼ਤ ਵੀ ਲਿਖਿਆ। ਉਨ੍ਹਾਂ ਦਸਿਆ ਕਿ ਉਹ ਕਈ ਵਾਰ ਭਾਰਤ ਸਰਕਾਰ ਨੂੰ ਅਪੀਲ ਕਰ ਚੁਕੇ ਹਨ।