ਸਿੱਖ ਸੰਸਥਾਵਾਂ ਨਿਭਾਅ ਰਹੀਆਂ ਸਰਕਾਰਾਂ ਦੇ ਫ਼ਰਜ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਰਿਲੀਫ਼ ਸੁਸਾਇਟੀ ਨੇ ਕਿਸਾਨਾਂ ਨੂੰ ਵੰਡੀ ਮੁਫ਼ਤ ਖਾਦ, 75 ਤੋਂ ਵੱਧ ਕਿਸਾਨਾਂ ਨੂੰ ਵੰਡੀਆਂ ਯੂਰੀਏ ਦੀਆਂ ਬੋਰੀਆਂ

Sikh Institutions perform duty of governments

ਪੰਜਾਬ- ਸਤਲੁਜ ਦਰਿਆ ਦੀ ਮਾਰ ਹੇਠ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਕਾਰ ਜਿੱਥੇ ਰਾਹਤ ਦੇ ਨਾਂ 'ਤੇ ਮਹਿਜ਼ ਖਾਨਾਪੂਰਤੀ ਤੱਕ ਸੀਮਤ ਰਹੀ, ਉੱਥੇ ਹੀ ਕੌਮਾਂਤਰੀ ਸਿੱਖ ਸਮਾਜਿਕ ਜਥੇਬੰਦੀਆਂ ਅਤੇ ਸਿੱਖ ਭਾਈਚਾਰੇ ਵਲੋਂ ਦਿਲ ਖੋਲ੍ਹ ਕੇ ਹੜ੍ਹ ਪੀੜਤ ਕਿਸਾਨਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ। ਭਾਵੇਂ ਪੰਜਾਬ ਵਿਚ ਆਏ ਹੜ੍ਹਾ ਨੂੰ ਕਾਫ਼ੀ ਸਮਾਂ ਬੀਤ ਚੁੱਕਾ ਹੈ ਪਰ ਦਾਨੀ ਸੱਜਣ ਅੱਜ ਵੀ ਸਹਾਇਤਾ ਦੇਣ ਲਈ ਪੀੜਤਾਂ ਤੱਕ ਪਹੁੰਚ ਕਰ ਰਹੇ ਹਨ।

ਦਰਅਸਲ ਸਿੱਖ ਰਿਲੀਫ਼ ਸੁਸਾਇਟੀ ਯੂਕੇ, ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਅਤੇ ਖਾਲਸਾ ਏਡ ਵਰਗੀਆਂ ਕੌਮਾਂਤਰੀ ਸਿੱਖ ਸੰਸਥਾਵਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਦੀ ਵਹਾਈ ਕਰਕੇ ਕਣਕ ਬੀਜੀ ਸੀ ਅਤੇ ਉਨ੍ਹਾਂ ਨੂੰ ਖ਼ਾਦ ਅਤੇ ਦਵਾਈਆਂ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਜੋ ਹੁਣ ਕਿਸਾਨਾਂ ਨੂੰ ਯੂਰੀਏ ਦੀਆਂ ਬੋਰੀਆਂ ਵੰਡ ਕੇ ਨਿਭਾਇਆ ਜਾ ਰਿਹਾ ਹੈ। 

ਹੜ੍ਹ ਪੀੜਤ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਿਕ ਸਿੱਖ ਰਿਲੀਫ਼ ਸੁਸਾਇਟੀ ਯੂਕੇ ਦੇ ਸੇਵਾਦਾਰ ਬਲਬੀਰ ਸਿੰਘ ਬੈਂਸ ਦੀ ਅਗਵਾਈ ਹੇਠ ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਦੇ ਪਿੰਡ ਚੰਨਣਵਿੰਡੀ ਅਤੇ ਭਰੋਆਣਾ ਤੇ ਹੋਰ ਹੜ੍ਹ ਪ੍ਰਭਾਵਿਤ 75 ਤੋਂ ਵੱਧ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਨ ਉਪਰੰਤ 2-2 ਬੋਰੀਆਂ ਯੂਰੀਆ ਖਾਦ ਦਿੱਤੀ ਗਈ ਜਿਸ 'ਤੇ ਕਿਸਾਨਾਂ ਨੇ ਸਿੱਖ ਸੰਸਥਾ ਦਾ ਧੰਨਵਾਦ ਕੀਤਾ।

ਇਸ ਸਬੰਧੀ ਸੰਸਥਾ ਦੇ ਇੰਚਾਰਜ ਹਰਮਨ ਸਿੰਘ ਨਡਾਲਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਕਿਸਾਨਾਂ ਦੀਆਂ ਘਰੇਲੂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸਮੇਂ-ਸਮੇਂ ਪੂਰਾ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਉਦੋਂ ਤੱਕ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਨਹੀਂ ਹੋ ਜਾਂਦੇ। ਉਨ੍ਹਾਂ ਮੁਤਾਬਕ ਅਗਲੇ ਪੜਾਅ ਦੌਰਾਨ 100 ਹੋਰ ਕਿਸਾਨਾਂ ਨੂੰ ਯੂਰੀਆ ਵੰਡਿਆ ਜਾਵੇਗਾ।

ਦੱਸ ਦਈਏ ਕਿ ਸਿੱਖ ਸੰਸਥਾ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਇਸ ਲੋਕ ਭਲਾਈ ਕਾਰਜ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਅਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀਆਂ ਸਰਕਾਰਾਂ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਔਖੀ ਘੜੀ ਵਿਚ ਵੀ ਕਿਸਾਨਾਂ ਦੀ ਸਾਰ ਨਹੀਂ ਲਈ।