ਮੀਂਹ ਤੋਂ ਬਾਅਦ ਸੀਤ ਲਹਿਰ ਨੇ ਫੜਿਆ ਜੋਰ, ਠੰਡ ਦੇ ਪਿਛਲੇ ਰਿਕਾਰਡ ਟੁਟਣ ਦੇ ਆਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ’ਚ ਅਗਲੇ ਦਿਨਾਂ ਦੌਰਾਨ ਸਿਖਰ ’ਤੇ ਰਹੇਗੀ ਸੀਤ ਲਹਿਰ

cold wave

ਚੰਡੀਗੜ੍ਹ : ਬੀਤੇ ਐਤਵਾਰ ਸ਼ਾਮ ਨੂੰ ਹੋਈ ਬਰਸਾਤ ਤੋਂ ਬਾਅਦ ਸੀਤ ਲਹਿਰ ਇਕ ਵਾਰ ਫਿਰ ਆਪਣੀ ਚਰਮ ਸੀਮਾ ‘ਤੇ ਪਹੁੰਚ ਗਈ ਹੈ। ਪੰਜਾਬ ਅਤੇ ਹਰਿਆਣਾ ਵਿਚ ਅਗਲੇ 5 ਦਿਨਾਂ ਤਕ ਸੀਤ ਲਹਿਰ ਸਿਖਰ ’ਤੇ ਰਹੇਗੀ ਅਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਗਿਰਾਵਟ ਦੇ ਪਿਛਲੇ ਸਾਰੇ ਰਿਕਾਰਡ ਤੋੜ ਸਕਦਾ ਹੈ।

ਮੌਸਮ ਮੁਤਾਬਕ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਹੋਰ ਡਿੱਗ ਸਕਦਾ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਰਾਤ ਨੂੰ ਅਤੇ ਸਵੇਰ ਵੇਲੇ ਸੰਘਣੇ ਕੋਹਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸੜਕ ’ਤੇ ਵਾਹਨ ਚਲਾਉਣ ਸਮੇਂ ਵਿਸ਼ੇਸ਼ ਸਾਵਧਾਨੀ ਰੱਖਣ ਦੀ ਲੋੜ ਹੈ।

ਕਾਬਲੇਗੌਰ ਹੈ ਕਿ ਰਾਜਧਾਨੀ ਦਿੱਲੀ ਸਮੇਤ ਪੂਰੇ ਉਤਰ ਭਾਰਤ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਪਹਾੜਾਂ ’ਤੇ ਬਰਫ ਅਤੇ ਮੈਦਾਨਾਂ ਵਿਚ ਵਰਖਾ ਹੋਣ ਨਾਲ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਤਾਜ਼ਾ ਬਰਫ਼ਬਾਰੀ ਨਾਲ ਸ਼ਿਮਲਾ, ਕੁਫ਼ਰੀ ਅਤੇ ਡਲਹੌਜ਼ੀ ਗੁਲਜ਼ਾਰ ਹੋ ਗਏ ਹਨ। ਇਥੇ ਸੈਲਾਨੀ ਬਰਫਬਾਰੀ ਦਾ ਖੂਬ ਮਜ਼ਾ ਲੈ ਰਹੇ ਹਨ।

ਰੋਹਤਾਂਗ ਦੱਰੇ ਸਮੇਤ ਅਟਲ ਟਨਲ ਦੇ ਦੋਵੇਂ ਪਾਸਿਆਂ ’ਤੇ ਭਾਰੀ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਸ਼ਿਮਲਾ ਸਮੇਤ 5 ਸ਼ਹਿਰਾਂ ਦਾ ਪਾਰਾ ਮਾਈਨਸ ’ਚ ਚਲਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੈਦਾਨੀ ਖੇਤਰਾਂ ਵਿਚ ਧੁੰਦ ਛਾਉਣ ਅਤੇ ਸੀਤ ਲਹਿਰ ਚੱਲਣ ਦਾ ਅਲਰਟ ਵੀ ਜਾਰੀ ਕੀਤਾ ਹੈ।