ਚੋਣ ਪ੍ਰਚਾਰ 'ਚ ਖ਼ਰਚ ਕਰਨ ਹਿੱਤ ਖੁਲ੍ਹਵਾਏ ਖਾਤੇ ਸਬੰਧੀ ਹਦਾਇਤਾਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵਖਰਾ ਖਾਤਾ ਖੁਲ੍ਹਵਾਣਾ ਜ਼ਰੂਰੀ

ECI

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ 2019 ਦੌਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਲਈ ਖ਼ਰਚ ਕਰਨ ਹਿੱਤ ਖੁਲ੍ਹਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ. ਰਾਜੂ ਨੇ ਦਸਿਆ ਕਿ ਲੋਕ ਸਭਾ ਚੋਣਾਂ 2019 ਦੌਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵਖਰਾ ਖਾਤਾ ਖੁਲ੍ਹਵਾਣਾ ਜ਼ਰੂਰੀ ਹੈ।

ਇਹ ਖ਼ਾਤਾ ਕਿਸੇ ਵੀ ਸਮੇਂ ਜਾਂ ਘੱਟੋ-ਘੱਟ ਉਮੀਦਵਾਰ ਵਲੋਂ ਜਿਸ ਮਿਤੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਜਾਣਾ ਹੈ ਉਸ ਮਿਤੀ ਤੋਂ ਇਕ ਦਿਨ ਪਹਿਲਾਂ ਇਹ ਖਾਤਾ ਖੋਲ੍ਹਣਾ ਜ਼ਰੂਰੀ ਹੈ। ਖੁਲ੍ਹਵਾਏੇ ਗਏ ਖਾਤੇ ਦਾ ਨੂੰ ਉਮੀਦਵਾਰ ਵਲੋਂ ਅਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਰੂਪ ਵਿਚ ਦੇਣਾ ਹੋਵੇਗਾ। ਇਸ ਖਾਤੇ ਵਿਚੋਂ ਜਿੰਨੀ ਵੀ ਰਾਸ਼ੀ ਚੋਣ ਪ੍ਰਚਾਰ ਉਤੇ ਖ਼ਰਚ ਕੀਤੀ ਜਾਣੀ ਹੈ ਉਹ ਇਸ ਖਾਤੇ ਵਿਚ ਜਮ੍ਹਾ ਕਰਵਾਈ ਜਾਣੀ ਹੈ ਭਾਵੇਂ ਉਸ ਰਾਸ਼ੀ ਦੀ ਫ਼ੰਡਿੰਗ ਸਰੋਤ ਕੋਈ ਵੀ ਹੋਵੇ।

ਚੋਣ ਨਤੀਜੀਆਂ ਦੇ ਐਲਾਨ ਉਪਰੰਤ ਉਕਤ ਖਾਤੇ ਦੀ ਸਟੇਟਮੈਂਟ ਜ਼ਿਲ੍ਹਾ ਚੋਣ ਅਫ਼ਸਰ ਕੋਲ ਜ਼ਮਾ ਕਰਵਾਉਣਗੇ। ਖਾਤਾ ਨਾ ਖੁਲ੍ਹਵਾਉਣ 'ਤੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਹੋਵੇਗਾ। ਬੈਂਕ ਖਾਤਾ ਉਮੀਦਵਾਰ ਦੇ ਨਾਮ 'ਤੇ ਜਾਂ ਫਿਰ ਉਸਦੇ ਚੋਣ ਏਜੰਟ ਨਾਲ ਸਾਂਝੇ ਰੂਪ ਵਿਚ ਖੋਲ੍ਹਿਆ ਜਾਵੇਗਾ। ਇਹ ਖਾਤਾ ਉਮੀਦਵਾਰ ਦੇ ਕਿਸੇ ਵੀ ਪਰਵਾਰਕ ਮੈਂਬਰ ਜਾਂ ਕਿਸੇ ਹੋਰ ਦੇ ਨਾਲ ਸਾਂਝੇ ਰੂਪ ਵਿਚ ਨਹੀਂ ਖੋਲ੍ਹਿਆ ਜਾਵੇਗਾ।