ਚੌਕੀਦਾਰਾਂ ਨੇ ਚੋਣ ਕਮਿਸ਼ਨ ਨੂੰ ਮੋਦੀ ਵਿਰੁਧ ਕੀਤੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਹੀ ਚੌਕੀਦਾਰਾਂ ਨੂੰ ਬਦਨਾਮ ਕਰ ਰਹੀਆਂ ਹਨ

Chowkidar

ਚੰਡੀਗੜ੍ਹ : ਦੇਸ਼ 'ਚ ਚੌਕੀਦਾਰ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੱਸ ਰਹੇ ਹਨ। ਮੋਦੀ ਤੇ ਹੋਰ ਕੇਂਦਰੀ ਮੰਤਰੀਆਂ ਤੇ ਭਾਜਪਾ ਆਗੂਆਂ ਨੇ ਆਪਣੇ ਨਾਵਾਂ ਨਾਲ ਚੌਕੀਦਾਰ ਸ਼ਬਦ ਜੋੜ ਲਿਆ ਹੈ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੰਮੇ ਸਮੇਂ ਤੋਂ ਹੀ 'ਚੌਕੀਦਾਰ ਚੋਰ ਹੈ' ਦਾ ਨਾਅਰਾ ਦਿੰਦੇ ਆਏ ਹਨ। ਇਨ੍ਹਾਂ 'ਜਾਅਲੀ' ਚੌਕੀਦਾਰਾਂ ਦੀ ਫੂਹੜ ਤੇ ਫੋਕੀ ਬਿਆਨਬਾਜ਼ੀ ਤੋਂ ਅੱਕੇ ਪੰਜਾਬ ਦੇ ਅਸਲੀ ਚੌਕੀਦਾਰ ਚੋਣ ਕਮਿਸ਼ਨ ਕੋਲ ਆਪਣੀ ਫਰਿਆਦ ਲੈ ਕੇ ਪਹੁੰਚੇ ਹਨ। ਉਨ੍ਹਾਂ ਸਿਆਸੀ ਪਾਰਟੀਆਂ ਵਿਰੁੱਧ ਆਪਣੀ ਸ਼ਿਕਾਇਤ ਤੇ ਪੈਨ ਡਰਾਈਵ ਵਿੱਚ ਸਬੂਤ ਵੀ ਚੋਣ ਕਮਿਸ਼ਨ ਨੂੰ ਸੌਂਪ ਦਿੱਤੇ ਹਨ।

ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ (ਸੀਟੂ) ਦੇ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਨੇ ਚੌਕੀਦਾਰ ਸ਼ਬਦ ਦੀ ਵਰਤੋਂ ਆਪਣੇ ਸਿਆਸੀ ਮੁਫਾਦਾਂ ਲਈ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ 'ਚੌਕੀਦਾਰ ਚੋਰ ਹੈ' ਜਾਂ 'ਮੈਂ ਵੀ ਚੌਕੀਦਾਰ', ਦੋਵਾਂ 'ਤੇ ਇਤਰਾਜ਼ ਹੈ। ਪੰਜਾਬ ਦੇ ਪਿੰਡਾਂ ਵਿੱਚ ਕਾਰਜਸ਼ੀਲ ਚੌਕੀਦਾਰਾਂ ਦਾ ਕਹਿਣਾ ਹੈ ਕਿ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਹੀ ਚੌਕੀਦਾਰਾਂ ਨੂੰ ਬਦਨਾਮ ਕਰ ਰਹੀਆਂ ਹਨ।

ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਖਾਂ ਰੁਪਏ ਦੀ ਤਨਖ਼ਾਹ ਲੈਂਦੇ ਹਨ ਅਤੇ ਖ਼ੁਦ ਨੂੰ ਚੌਕੀਦਾਰ ਕਹਿੰਦੇ ਹਨ। ਜਦਕਿ ਅਸਲ ਚੌਕੀਦਾਰ ਨੂੰ 1250 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਵੀ ਚੌਕੀਦਾਰਾਂ ਦਾ ਅਪਮਾਨ ਕੀਤਾ ਹੈ। ਚੌਕੀਦਾਰ ਯੂਨੀਅਨ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਦੋਵੇਂ ਪਾਰਟੀਆਂ ਵੱਲੋਂ ਚੌਕੀਦਾਰ ਸ਼ਬਦ ਵਰਤ ਕੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਗਾਣੇ ਵੀ ਬੰਦ ਕਰਵਾਉਣ ਦੀ ਅਪੀਲ ਕੀਤੀ।