ਮਿਡ-ਡੇ-ਮੀਲ 'ਚੋਂ ਨਿਕਲੀ ਛਿਪਕਲੀ ; 44 ਬੱਚੇ ਹਸਪਤਾਲ 'ਚ ਦਾਖ਼ਲ
ਲਖੀਸਰਾਏ ਜ਼ਿਲ੍ਹੇ ਦੇ ਹਲਸੀ ਖੇਤਰ 'ਚ ਮਿਡਲ ਸਕੂਲ ਮਹਰਥ ਦੀ ਘਟਨਾ
ਲਖੀਸਰਾਏ : ਬਿਹਾਰ ਦੇ ਲਖੀਸਰਾਏ ਜ਼ਿਲ੍ਹੇ 'ਚ ਮਿਡ-ਡੇਅ-ਮੀਲ ਖਾਣ ਤੋਂ ਬਾਅਦ 44 ਬੱਚੇ ਬੀਮਾਰ ਹੋ ਗਏ। ਮਾਮਲਾ ਜ਼ਿਲ੍ਹੇ ਦੇ ਹਲਸੀ ਖੇਤਰ ਦੇ ਮਿਡਲ ਸਕੂਲ ਮਹਰਥ ਦਾ ਹੈ, ਜਿੱਥੇ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਖ਼ਰਾਬ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਖਾਣੇ 'ਚ ਛਿਪਕਲੀ ਡਿੱਗ ਗਈ ਸੀ ਅਤੇ ਕਿਸੇ ਨੇ ਇਸ 'ਤੇ ਧਿਆਨ ਨਾ ਦਿੱਤਾ।
ਬੱਚਿਆਂ ਨੂੰ ਜਮੁਈ ਦੇ ਸਿਕੰਦਰਾ ਸਥਿਤ ਕਮਿਊਨਿਟੀ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੀਮਾਰ ਬੱਚੇ ਲਖੀਸਰਾਏ ਦੇ ਹਲਸੀ ਥਾਣਾ ਖੇਤਰ ਦੇ ਮਿਡਲ ਸਕੂਲ ਮਹਰਥ 'ਚ ਪੜ੍ਹਦੇ ਹਨ। ਮਿਡ-ਡੇਅ-ਮੀਲ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਉਲਟੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਡਾਕਰਟਾਂ ਮੁਤਾਬਕ ਬੱਚਿਆਂ ਦੀ ਸਿਹਤ ਜ਼ਹਿਰੀਲੇ ਖਾਣੇ ਕਾਰਨ ਖ਼ਰਾਬ ਹੋਈ ਹੈ। ਫ਼ਿਲਹਾਲ ਇਲਾਜ ਤੋਂ ਬਾਅਦ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਸਪਤਾਲ 'ਚ ਅਚਾਨਕ ਕਈ ਬੀਮਾਰ ਬੱਚਿਆਂ ਦੇ ਪਹੁੰਚਣ ਕਾਰਨ ਕੁਝ ਸਮੇਂ ਲਈ ਸਾਰਿਆਂ ਨੂੰ ਭਾਜੜਾਂ ਪੈ ਗਈਆਂ ਸਨ। ਲਖੀਸਰਾਏ ਦੇ ਡੀ.ਐਮ. ਨੇ ਘਟਨਾ ਦੀ ਪੂਰੀ ਜਾਣਕਾਰੀ ਲਈ ਅਤੇ ਕਿਹਾ ਦੀ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।