ਬੇਅੰਤ ਸਿੰਘ ਕਤਲ ਕਾਂਡ 'ਚ ਸ਼ਾਮਲ ਭਾਈ ਤਾਰਾ ਬਠਿੰਡਾ ਦੀ ਅਦਾਲਤ 'ਚ ਪੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਚੰਡੀਗੜ੍ਹ ਦੀ ਬੂੜੈਲ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੂੰ ਇੱਕ ਚਾਰ ਸਾਲ ਪੁਰਾਣੇ ਦੇਸ਼ ਧਰੋਹ ਦੇ ਮਾਮਲੇ ਵਿਚ ਅੱਜ ...

Bhai Tara

ਬਠਿੰਡਾ : ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਚੰਡੀਗੜ੍ਹ ਦੀ ਬੂੜੈਲ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੂੰ ਇੱਕ ਚਾਰ ਸਾਲ ਪੁਰਾਣੇ ਦੇਸ਼ ਧਰੋਹ ਦੇ ਮਾਮਲੇ ਵਿਚ ਅੱਜ ਪਹਿਲੀ ਵਾਰ ਬਠਿੰਡਾ ਦੀ ਅਦਾਲਤ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਵਿਚ ਭਾਈ ਤਾਰਾ ਦੇ ਬਿਆਨ ਦਰਜ ਕਰਵਾਏ ਗਏ। ਹਾਲਾਂਕਿ ਇਸ ਮੌਕੇ ਸਰਕਾਰੀ ਪੱਖ ਕੋਈ ਗਵਾਹ ਨਾ ਪੇਸ਼ ਕਰ ਸਕਿਆ ਪ੍ਰੰਤੂ ਭਾਈ ਤਾਰਾ ਦੇ ਵਕੀਲ ਨੇ ਪੁਲਿਸ ਵਲੋਂ ਦਰਜ ਇਸ ਕੇਸ ਨੂੰ ਝੂਠਾ ਕਰਾਰ ਦਿਤਾ। 

ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਦਾਅਵਾ ਕੀਤਾ ਕਿ 8 ਨਵੰਬਰ 2014 ਨੂੰ ਦਰਜ ਮੁਕੱਦਮਾ ਨੰਬਰ 406 ਵਿਚ ਉਸ ਦੇ ਮੁਵੱਕਿਲ ਨੂੰ ਗਲਤ ਫਸਾਇਆ ਗਿਆ। ਐਡਵੋਕੇਟ ਖਾਰਾ ਨੇ ਦਾਅਵਾ ਕੀਤਾ ਕਿ ਪੁਲਿਸ ਦੇ ਰਿਕਾਰਡ ਮੁਤਾਬਕ ਭਾਈ ਤਾਰਾ 2003 ਤੋਂ ਲੈ ਕੇ 2015 ਤਕ ਵਿਦੇਸ਼ ਰਿਹਾ ਤਾਂ ਫਿਰ ਉਸ ਨੇ ਬਠਿੰਡਾ 'ਚ ਦੇਸ਼ ਧਰੋਹ ਦੀ ਸਾਜਸ਼ ਕਿਵੇਂ ਰਚ ਦਿਤੀ। ਉਨ੍ਹਾਂ ਪੁਲਿਸ ਵਲੋਂ ਪੇਸ਼ ਕੀਤੇ ਚਲਾਨ ਦਾ ਹਵਾਲਾ ਦਿੰਦਿਆਂ ਵੀ ਕਿਹਾ ਕਿ ਉਸ ਵਿਚ ਵੀ ਭਾਈ ਜਗਤਾਰ ਸਿੰਘ ਵਿਰੁਧ ਕੋਈ ਸਬੂਤ ਪੇਸ ਨਹੀਂ ਕੀਤਾ ਜਾ ਸਕਿਆ। ਐਡਵੋਕੇਟ ਖ਼ਾਰਾ ਨੇ ਇਸ ਕੇਸ ਨੂੰ ਤੁਰਤ ਖ਼ਾਰਜ ਕਰਨ ਦੀ ਮੰਗ ਕੀਤੀ। 

ਉਧਰ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਭਾਈ ਤਾਰਾ ਨੂੰ ਬੁੜੈਲ ਜੇਲ ਤੋਂ ਪੰਜਾਬ ਦੀ ਨਾਭਾ ਜੇਲ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਪ੍ਰੰਤੂ ਅਦਾਲਤ ਨੇ ਇਸ ਅਪੀਲ ਨੂੰ ਇਹ ਕਹਿ ਕੇ ਅਸਵੀਕਾਰ ਕਰ ਦਿਤਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀ।  ਸੂਤਰਾਂ ਅਨੁਸਾਰ ਚੰਡੀਗੜ੍ਹ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਭਾਈ ਤਾਰਾ ਪਹਿਲਾਂ ਵੀ ਅਪਣੇ ਸਾਥੀਆਂ ਨਾਲ ਬੁੜੈਲ ਜੇਲ ਵਿਚੋਂ ਸੁਰੰਗ ਪੁੱਟ ਕੇ ਫ਼ਰਾਰ ਹੋ ਗਿਆ ਸੀ

ਤੇ ਹੁਣ ਵੀ ਕਾਫ਼ੀ ਲੰਮੇ ਸਮੇਂ ਤੋਂ ਉਥੇ ਹੀ ਬੰਦ ਹੈ, ਜਿਸਦੇ ਚੱਲਦੇ ਜੇਲ ਦਾ ਭੇਤੀ ਹੋਣ ਕਾਰਨ ਕੋਈ ਵੀ ਘਟਨਾ ਵਾਪਰ ਸਕਦੀ ਹੈ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 14 ਜੂਨ 'ਤੇ ਰੱਖ ਦਿੱਤੀ ਹੈ। ਇਸ ਖ਼ਬਰ ਨਾਲ ਸਬੰਧਤ ਫੋਟੋ 30 ਬੀਟੀਆਈ 11 ਵਿਚ ਹੈ।