ਪੁਲਿਸ ਹਿਰਾਸਤ ’ਚ ਕਿਸਾਨ ਨੂੰ ਦਿਲ ਦਾ ਦੌਰਾ, ਇਲਾਜ ਕਰਾਉਣ ਦੀ ਥਾਂ ਦੱਸਿਆ ਨਾਟਕ ਕਰ ਰਿਹੈ
ਕਿਸਾਨ ਦੇ ਪੁੱਤਰਾਂ ਨੇ ਥਾਣਾ ਮੁਖੀ ’ਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇਣ ਦੇ ਲਾਏ ਇਲਜ਼ਾਮ
ਚੰਡੀਗੜ੍ਹ: ਖਾਲੜਾ ਪੁਲਿਸ ਵਲੋਂ ਵੱਡੀ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੁਲਿਸ ਹਿਰਾਸਤ ਵਿਚ ਇਕ ਕਿਸਾਨ ਨੂੰ ਦੌਰਾ ਪੈ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਉਸ ਦਾ ਇਲਾਜ ਨਹੀਂ ਕਰਵਾਇਆ ਗਿਆ। ਸਗੋਂ ਇਹ ਕਹਿ ਕਿ ਟਾਲ ਦਿਤਾ ਗਿਆ ਕਿ ਕਿਸਾਨ ਦੌਰਾ ਪੈਣ ਦਾ ਨਾਟਕ ਕਰ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ, ਪਿੰਡ ਰਾਜੋਕੇ ਦਾ ਰਹਿਣ ਵਾਲਾ ਕਿਸਾਨ ਨਿੰਦਰ ਸਿੰਘ ਤੇ ਉਸ ਦੇ ਤਿੰਨ ਪੁੱਤਰ ਨਿਸ਼ਾਨ ਸਿੰਘ,
ਗੁਰਦੇਵ ਸਿੰਘ ਤੇ ਸਤਨਾਮ ਸਿੰਘ ਵਿਰੁਧ ਪਿੰਡ ਦੇ ਹੀ ਇਕ ਕਿਸਾਨ ਬਚਿੱਤਰ ਸਿੰਘ ਨੇ ਨਹਿਰੀ ਪਾਣੀ ਦੀ ਸਿੰਚਾਈ ਵਾਲੀ ਖਾਲ ਢਾਹੁਣ ਦਾ ਇਲਜ਼ਾਮ ਲਗਾਉਂਦਿਆਂ ਕੇਸ ਦਰਜ ਕਰਵਾਇਆ ਸੀ। ਇਸੇ ਕੇਸ ਦੇ ਆਧਾਰ ’ਤੇ ਖਾਲੜਾ ਪੁਲਿਸ ਨੇ ਕਿਸਾਨ ਤੇ ਉਸ ਦੇ ਤਿੰਨ ਪੁੱਤਰਾਂ ਨੂੰ ਮੰਗਲਵਾਰ ਨੂੰ ਹਿਰਾਸਤ ਵਿਚ ਲਿਆ ਸੀ। ਇਸ ਮਗਰੋਂ ਦੁਪਹਿਰ ਦੇ ਸਮੇਂ ਨਿੰਦਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਪਰ ਪੁਲਿਸ ਨੇ ਉਸ ਨੂੰ ਹਸਪਤਾਲ ਲਿਜਾਣ ਜਾਂ ਇਲਾਜ ਕਰਵਾਉਣ ਦੀ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਇਸ ਤੋਂ ਬਾਅਦ ਕਿਸਾਨ ਦੀ ਪਤਨੀ ਅਪਣੇ ਕੁਝ ਪਿੰਡ ਵਾਸੀਆਂ ਨੂੰ ਲੈ ਕੇ ਥਾਣੇ ਪਹੁੰਚੀ ਤੇ ਚਾਰਾਂ ਨੂੰ ਰਿਹਾਅ ਕਰਵਾਇਆ। ਇਸ ਤੋਂ ਬਾਅਦ ਕਿਸਾਨ ਨੂੰ ਪੱਟੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਕ ਪਾਸੇ, ਪੁਲਿਸ ਦੀ ਲਾਪਰਵਾਹੀ ਨੂੰ ਵੇਖਦੇ ਹੋਏ ਨਿੰਦਰ ਸਿੰਘ ਦੀ ਪਤਨੀ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਵਲੋਂ ਕੀਤੇ ਤਸ਼ੱਦਦ ਕਾਰਨ ਉਸ ਦੇ ਪਤੀ ਨੂੰ ਦਿਲ ਦਾ ਦੌਰਾ ਪਿਆ ਹੈ। ਨਿੰਦਰ ਸਿੰਘ ਦੇ ਪੁੱਤਰਾਂ ਨੇ ਥਾਣਾ ਮੁਖੀ ’ਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇਣ ਦੇ ਇਲਜ਼ਾਮ ਲਾਏ ਹਨ।
ਦੂਜੇ ਪਾਸੇ, ਥਾਣਾ ਖਾਲੜਾ ਦੇ ਇੰਸਪੈਕਟਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਨਿੰਦਰ ਸਿੰਘ ਤੇ ਉਨ੍ਹਾਂ ਦੇ ਤਿੰਨਾਂ ਪੁੱਤਰਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ ਤੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਹੀਂ ਕੀਤਾ ਗਿਆ। ਕਾਰਵਾਈ ਤੋਂ ਬਚਣ ਲਈ ਨਿੰਦਰ ਸਿੰਘ ਦੌਰਾ ਪੈਣ ਦਾ ਨਾਟਕ ਕਰ ਰਿਹਾ ਹੈ।