ਪੰਜਾਬ 'ਚ ਕੋਰੋਨਾ ਨਾਲ ਪੀੜਤਾਂ ਦਾ ਅੰਕੜਾ ਹੋਇਆ 2200 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਘੰਟਿਆਂ ਦੌਰਾਨ 40 ਤੋਂ ਵਧ ਪਾਜ਼ੇਟਿਵ ਮਾਮਲੇ ਆਏ J ਅੰਮ੍ਰਿਤਸਰ ਜ਼ਿਲ੍ਹਾ ਮੁੜ ਬਣਿਆ ਕੋਰੋਨਾ ਕੇਂਦਰ

Covid 19

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਦਾ ਕਹਿਰ ਮੁੜ ਵਧਣ ਲੱਗਾ ਹੈ। ਪਿਛਲੇ 24 ਘੰਟਾਂ ਵਿਚ 40 ਤੋਂ ਵਧ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਕੁੱਲ ਅੰਕੜਾ 2200 ਤੋਂ ਪਾਰ ਹੋ ਗਿਆ ਹੈ। ਇੰਨੀ ਹੀ ਗਿਣਤੀ ਬੀਤੇ ਦਿਨੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਜੋ ਕਿਸੇ ਵੇਲੇ ਕੋਰੋਨਾ ਮੁਕਤ ਹੋ ਗਿਆ ਸੀ, ਹੁਣ ਮੁੜ ਕੋਰੋਨਾ ਦਾ ਕੇਂਦਰ ਬਣ ਚੁੱਕਾ ਹੈ। ਉਥੇ ਅੱਜ 12 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਹਨ।

ਇਸੇ ਤਰ੍ਹਾਂ ਕੋਰੋਨਾ ਮੁਕਤ ਹੋਏ ਜ਼ਿਲ੍ਹਾ ਮੋਹਾਲੀ ਵਿਚ ਵੀ 3 ਹੋਰ ਨਵੇਂ ਮਾਮਲੇ ਆਉਣ ਤੋਂ ਬਾਅਦ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5 ਹੋ ਗਈ ਹੈ। ਜ਼ਿਲ੍ਹਾ ਬਠਿੰਡਾ ਵੀ ਇਕ ਵਾਰ ਕੋਰੋਨਾ ਮੁਕਤ ਹੋ ਗਿਆ ਸੀ ਪਰ ਉਥੇ ਵੀ ਅੱਜ 4 ਹੋਰ ਨਵੇਂ ਪਾਜ਼ੇਟਿਵ ਮਾਮਲੇ ਜ਼ਿਲ੍ਹੇ ਵਿਚ ਰਾਮਪੁਰਾ ਫੂਲ ਇਨਾਕੇ ਵਿਚ ਸਾਹਮਣੇ ਆਉਣ ਬਾਅਦ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5 ਹੋ ਗਈ ਹੈ। ਅੱਜ ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਮੋਹਾਲੀ, ਲੁਧਿਆਣਾ, ਮੋਗਾ, ਰੋਪੜ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਇਸ ਸਮੇਂ ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਅੰਮ੍ਰਿਤਸਰ ਵਿਚ 366 ਹਨ ਅਤੇ ਇਨ੍ਹਾਂ 'ਚੋਂ 53 ਇਲਾਜ ਅਧੀਨ ਹਨ। ਜਲੰਧਰ ਜ਼ਿਲ੍ਹੇ ਵਿਚ 241 ਕੁੱਲ ਪਾਜ਼ੇਟਿਵ ਹਨ ਜਿਨ੍ਹਾਂ 'ਚੋਂ 26 ਇਲਾਜ ਅਧੀਨ ਹਨ। ਲੁਧਿਆਣਾ ਵਿਚ ਵੀ ਕੁੱਲ 180 ਪਾਜ਼ੇਟਿਵ ਮਾਮਲੇ ਆ ਚੁਕੇ ਹਨ ਅਤੇ ਇਸ ਸਮੇਂ 37 ਪੀੜਤ ਇਲਾਜ ਅਧੀਨ ਹਨ। ਸੱਭ ਤੋਂ ਜ਼ਿਆਦਾ ਮੌਤਾਂ ਵੀ ਜ਼ਿਲ੍ਹਾ ਲੁਧਿਆਣਾ ਵਿਚ 8 ਹੋਈਆਂ ਹਨ। ਅੰਮ੍ਰਿਤਸਰ ਵਿਚ ਮੌਤਾਂ ਦੀ ਗਿਣਤੀ 7 ਅਤੇ ਜਲੰਧਰ ਵਿਚ 6 ਹੈ। ਜਦਕਿ ਹੁਸ਼ਿਆਰਪੁਰ ਵਿਚ 5 ਮੌਤਾਂ ਹੋਈਆਂ ਹਨ।

ਅੱਜ ਸਿਰਫ਼ 3 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 1949 ਤਕ ਜਾ ਪਹੁੰਚੀ ਹੈ। ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਅਤੇ ਭਗਤਾ ਭਾਈਕਾ ਵਿਖੇ ਅੱਜ ਤੜਕਸਾਰ ਹੀ ਚਾਰ ਵਿਅਕਤੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਰੀਪੋਰਟ ਦੇ ਨਸ਼ਰ ਹੋਣ 'ਤੇ ਸਿਹਤ ਵਿਭਾਗ ਸਣੇ ਪ੍ਰਸ਼ਾਸਨ ਵਿਚ ਤਰਥਲੀ ਮਚ ਗਈ ਕਿਉਂਕਿ ਤਾਲਾਬੰਦੀ ਤੋਂ ਲੈ ਕੇ ਲਗਾਤਾਰ ਸੁਰੱਖਿਆ ਜੋਨ ਵਜੋਂ ਜਾਣੇ ਜਾਂਦੇ ਰਾਮਪੁਰਾ ਇਲਾਕੇ ਅੰਦਰ ਇਕੋ ਵੇਲੇ ਚਾਰ ਵਿਅਕਤੀਆਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਲੋਕਾਂ ਵਿਚ ਵੀ ਕਾਫੀ ਡਰ ਮਹਿਸੂਸ ਵਿਖਾਈ ਦੇਣ ਲੱਗਾ।

ਪਾਜ਼ੇਟਿਵ ਮਰੀਜ਼ਾਂ ਵਿਚ ਆਮ ਲੋਕਾਂ ਸਣੇ ਇਕ ਆਂਗਣਵਾੜੀ ਵਰਕਰ ਅਤੇ ਇਕ ਪੁਲਿਸ ਹਿਰਾਸਤ ਵਿਚ ਲਿਆ ਹੋਇਆ ਵਿਅਕਤੀ ਵੀ ਸ਼ਾਮਲ ਹੈ। ਚਾਰ ਨਵੇਂ ਮਾਮਲਿਆਂ ਵਿਚ 3 ਜਣੇ ਰਾਮਪੁਰਾ ਫੂਲ ਅਤੇ ਇਕ ਵਿਅਕਤੀ ਭਗਤਾ ਭਾਈ ਨਾਲ ਸਬੰਧਤ ਹੈ। ਇਸ ਤਰ੍ਹਾਂ ਹੁਣ ਬਠਿੰਡਾ ਵਿਚ ਕੋਰੋਨਾ ਪਾਜ਼ੇਟਿਵ 48 ਮਾਮਲੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 43 ਜਣੇ ਠੀਕ ਹੋ ਕੇ ਅਪਣੇ ਘਰ ਵਾਪਸ ਜਾ ਚੁੱਕੇ ਹਨ।

ਕੁਲ ਸੈਂਪਲ : 81021
ਪਾਜ਼ੇਟਿਵ : 2201
ਠੀਕ ਹੋਏ : 1949
ਇਲਾਜ ਅਧੀਨ : 206
ਕੁੱਲ ਮੌਤਾਂ : 42

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।