ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 59 ਲੱਖ ਦੀ ਠੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 59 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਸਕੇ ਭਰਾਵਾਂ........

Fraud

ਕੋਟਕਪੂਰਾ :- ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 59 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਸਕੇ ਭਰਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਨਾਮਜਦ ਕਰਕੇ ਕੁੱਲ 6 ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾ 'ਚ ਲਵਲੀ ਜਿੰਦਲ ਪੁੱਤਰ ਰਾਜ ਕੁਮਾਰ ਵਾਸੀ ਪ੍ਰੇਮ ਨਗਰ ਕੋਟਕਪੂਰਾ ਨੇ ਦੱਸਿਆ ਕਿ ਉਸਦੇ ਦੀਪਕ ਕਟਾਰੀਆ ਨਾਲ ਭਰਾਵਾਂ ਵਰਗੇ ਸਬੰਧ ਸਨ। ਦੀਪਕ ਕਟਾਰੀਆ ਨੇ ਉਸ ਦੀ ਵਿਦੇਸ਼ ਜਾਣ ਦੀ ਇੱਛਾ ਦਾ ਨਜਾਇਜ ਫਾਇਦਾ ਉਠਾ ਕੇ ਠੱਗੀ ਮਾਰਨ ਦੀ ਨੀਅਤ ਨਾਲ ਆਖਿਆ ਕਿ ਉਸ ਦੇ ਭਰਾ ਵਿਜੈ ਕੁਮਾਰ ਨੇ ਪਰਿਵਾਰਕ ਵੀਜ਼ਾ ਅਤੇ ਪੀਆਰ ਦੀ ਫਾਈਲ ਲਵਾਈ

ਹੈ, ਜਿਸ ਉੱਪਰ ਕਰੀਬ 40 ਤੋਂ 45 ਲੱਖ ਰੁਪਏ ਖਰਚ ਆਇਆ। ਜੇਕਰ ਉਹ ਆਪਣੇ ਭਰਾ ਸਮੇਤ ਵਿਦੇਸ਼ ਜਾਣ ਦੀ ਇਛੁੱਕ ਹੈ ਤਾਂ 60 ਲੱਖ ਰੁਪਏ ਦਾ ਇੰਤਜਾਮ ਕਰ ਲਵੇ। ਕੁਝ ਦਿਨਾਂ ਬਾਅਦ ਦੀਪਕ ਕਟਾਰੀਆ ਤੇ ਉਸਦੇ ਭਰਾ ਵਿਜੈ ਕੁਮਾਰ ਵਿਦੇਸ਼ ਭੇਜਣ ਵਾਲੇ ਏਜੰਟ ਅਮਨਦੀਪ ਸਿੰਘ ਨੂੰ ਮਿਲਵਾਇਆ ਤਾਂ ਉਸ ਨੇ 60 ਲੱਖ ਰੁਪਏ 'ਚ ਸ਼ਿਕਾਇਤ ਕਰਤਾ ਅਤੇ ਉਸ ਦੇ ਭਰਾ ਨੂੰ 60 ਲੱਖ ਰੁਪਏ 'ਚ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ। ਸ਼ਿਕਾਇਤ ਕਰਤਾ ਅਨੁਸਾਰ ਉਸ ਨੇ ਦੀਪਕ ਕਟਾਰੀਆ ਤੇ ਉਸਦੇ ਭਰਾ ਵਿਜੈ ਕੁਮਾਰ ਨੂੰ 9 ਲੱਖ ਰੁਪਏ ਨਗਦ, ਅਸਲ ਸਰਟੀਫਿਕੇਟ, ਪਾਸਪੋਰਟ, ਫੋਟੋਆਂ ਅਤੇ ਹੋਰ ਦਸਤਾਵੇਜ ਦੀ ਮੁਕੰਮਲ ਫਾਈਲ ਸੋਂਪ

ਦਿੱਤੀ। ਉਸ ਸਮੇਂ ਉਨਾ ਨਾਲ ਦੋ ਹੋਰ ਅਣਪਛਾਤੇ ਵਿਅਕਤੀ ਵੀ ਸਨ। ਇਸ ਸਮੇਂ ਦੌਰਾਨ ਉਨਾ 9-9 ਲੱਖ ਰੁਪਿਆ ਚਾਰ ਵਾਰ, ਇਕ ਵਾਰ 22 ਲੱਖ ਰੁਪਿਆ ਤੇ ਇਕ ਵਾਰ ਡੇਢ ਲੱਖ ਰੁਪਿਆ ਵਸੂਲਿਆ, ਜਿਸ ਦੀ ਉਸ ਕੋਲ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵੀ ਮੌਜੂਦ ਹੈ। ਥਾਣਾ ਮੁਖੀ ਖੇਮ ਚੰਦ ਪਰਾਸ਼ਰ ਨੇ ਦੱਸਿਆ ਕਿ ਉਕਤ ਧੋਖਾਧੜੀ ਦਾ ਮਾਮਲਾ ਜਿਲਾ ਪੁਲਿਸ ਮੁਖੀ ਫਰੀਦਕੋਟ ਨੂੰ ਸੋਂਪੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਦਰਜ ਕੀਤਾ ਗਿਆ। 

ਉਨਾ ਦੱਸਿਆ ਕਿ ਇਸ ਮਾਮਲੇ 'ਚ ਦੀਪਕ ਕਟਾਰੀਆ, ਵਿਜੈ ਕੁਮਾਰ ਸੋਨੂੰ, ਮਨੋਜ ਕੁਮਾਰ ਵਿੱਕੀ ਪੁੱਤਰਾਨ ਸੁਰਿੰਦਰ ਕੁਮਾਰ ਵਾਸੀ ਪ੍ਰਤਾਪ ਨਗਰ, ਗਲੀ ਨੰਬਰ 7 ਕੋਟਕਪੂਰਾ, ਅਮਨਦੀਪ ਸਿੰਘ ਪੁੱਤਰ ਸੋਮਨਾਥ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਅਤੇ ਉਨਾ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ 59 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਆਈਪੀਸੀ ਦੀ ਧਾਰਾ 420 ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।