ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਬੇਅਦਬੀ ਦਾ ਮੁੱਦਾ, ਚਰਚਾ ਲਈ ਮੰਗਿਆ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਸਦਨ ਅੱਜ ਤੱਕ ਹੀ ਚੱਲੇਗਾ, ਇਸ ਲਈ ਇਸ ਮੁੱਦੇ ’ਤੇ ਚਰਚਾ ਲਈ 10 ਮਿੰਟ ਦਾ ਸਮਾਂ ਦਿੱਤਾ ਜਾਵੇ

MLA Kunwar Vijay Pratap Singh

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਡਿਪਟੀ ਸਪੀਕਰ ਦੀ ਚੋਣ ਹੋਵੇਗੀ, ਜਦਕਿ ਕੇਂਦਰ ਦੀ ਅਗਨੀਪਥ ਸਕੀਮ ਵਿਰੁੱਧ ਸਰਕਾਰ ਵੱਲੋਂ ਮਤਾ ਲਿਆਂਦਾ ਜਾਵੇਗਾ। ਹਾਲਾਂਕਿ ਸੈਸ਼ਨ ਦੌਰਾਨ ਹੋਰ ਵੀ ਕਈ ਮੁੱਦਿਆਂ 'ਤੇ ਚਰਚਾ ਹੋਈ। ਇਸ ਦੌਰਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਪੀਕਰ ਤੋਂ ਮੰਗ ਕੀਤੀ ਕਿ ਬੇਅਦਬੀ ਮਾਮਲੇ 'ਤੇ ਚਰਚਾ ਕੀਤੀ ਜਾਵੇ। ਉਹਨਾਂ ਕਿਹਾ ਕਿ ਸਦਨ ਅੱਜ ਤੱਕ ਹੀ ਚੱਲੇਗਾ, ਇਸ ਲਈ ਇਸ ਮੁੱਦੇ ’ਤੇ ਚਰਚਾ ਲਈ 10 ਮਿੰਟ ਦਾ ਸਮਾਂ ਦਿੱਤਾ ਜਾਵੇ ਜਾਂ ਫਿਰ ਸੈਸ਼ਨ ਦੀ ਕਾਰਵਾਈ 30 ਮਿੰਟ ਲਈ ਵਧਾ ਦਿੱਤੀ ਜਾਵੇ।

Kunwar Vijay Pratap Singh

ਉਹਨਾਂ ਕਿਹਾ, "ਬੇਅਦਬੀ ਮਾਮਲੇ ’ਚ ਕੁਝ ਨੁਕਤੇ ਹਨ ਜੋ ਆਮ ਜਨਤਾ ਅਤੇ ਇਸ ਪਵਿੱਤਰ ਸਦਨ ਲਈ ਜਾਣਨਾ ਜ਼ਰੂਰੀ ਹੈ। ਮੈਂ ਅਪੀਲ ਕਰਦਾ ਹਾਂ ਕਿ ਜਾਂ ਤਾਂ ਮੈਨੂੰ ਆਪਣਾ ਪੱਖ ਪੇਸ਼ ਕਰਨ ਲਈ 10 ਮਿੰਟ ਦਾ ਸਮਾਂ ਦਿੱਤਾ ਜਾਵੇ ਜਾਂ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਵਧਾਈ ਜਾਵੇ"।

Partap Singh Bajwa

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਸ ਮੰਗ ਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਮਰਥਨ ਕੀਤਾ ਹੈ। ਉਹਨਾਂ ਕਿਹਾ, “ਬੇਅਦਬੀ ਦਾ ਮੁੱਦਾ ਬਹੁਤ ਅਹਿਮ ਹੈ ਅਤੇ ਇਹ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਅਸੀਂ ਇਸ ’ਤੇ ਪੂਰਾ ਸਮਰਥਨ ਦੇਵਾਂਗੇ। ਮੇਰੀ ਅਪੀਲ ਹੈ ਕਿ ਜਾਂ ਤਾਂ ਇਹਨਾਂ ਨੂੰ ਪੱਖ ਪੇਸ਼ ਕਰਨ ਦਾ ਸਮਾਂ ਦਿੱਤਾ ਜਾਵੇ ਜਾਂ ਇਸ ਦੇ ਲਈ ਅੱਧੇ ਘੰਟੇ ਦਾ ਸਮਾਂ ਰੱਖਿਆ ਜਾਵੇ”।