ਭਾਰਤੀ ਹਾਈ ਕਮਿਸ਼ਨ ਓਟਾਵਾ ਨੇ ਮਸਲਾ ਕੈਨੇਡੀਅਨ ਸਰਕਾਰ ਕੋਲ ਚੁੱਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਦੋ ਵਿਧਾਇਕਾਂ ਨੂੰ ਓਟਾਵਾ ਏਅਰਪੋਰਟ ਤੋਂ ਵਾਪਸ ਭਾਰਤ ਭੇਜਣ ਦਾ ਮਸਲਾ ਭਾਰਤੀ ਹਾਈ ਕਮਿਸ਼ਨ ਓਟਾਵਾ ਵੱਲੋਂ ਕੈਨੇਡੀਅਨ ਸਰਕਾਰ ਕੋਲ ਚੁੱਕਿਆ ਗਿਆ ਹੈ। ਇਸ ਬਾਬਤ ...

Sushma Swaraj

ਕੈਨੇਡਾ ਤੋਂ ਦੋ ਵਿਧਾਇਕਾਂ ਨੂੰ ਵਾਪਸ ਭੇਜਣ ਦਾ ਮਾਮਲਾ,    ਸੁਸ਼ਮਾ ਸਵਰਾਜ ਨੇ ਰਾਣਾ ਕੇ.ਪੀ. ਸਿੰਘ ਨੂੰ ਪੱਤਰ ਲਿਖਿਆ

ਚੰਡੀਗੜ੍ਹ :- ਪੰਜਾਬ ਦੇ ਦੋ ਵਿਧਾਇਕਾਂ ਨੂੰ ਓਟਾਵਾ ਏਅਰਪੋਰਟ ਤੋਂ ਵਾਪਸ ਭਾਰਤ ਭੇਜਣ ਦਾ ਮਸਲਾ ਭਾਰਤੀ ਹਾਈ ਕਮਿਸ਼ਨ ਓਟਾਵਾ ਵੱਲੋਂ ਕੈਨੇਡੀਅਨ ਸਰਕਾਰ ਕੋਲ ਚੁੱਕਿਆ ਗਿਆ ਹੈ। ਇਸ ਬਾਬਤ ਜਾਣਕਾਰੀ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕ ਪੱਤਰ ਲਿਖ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ 25 ਜੁਲਾਈ, 2018 ਨੂੰ ਇਕ ਚਿੱਠੀ ਲਿਖ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਸੀ

ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਜਾਣਾ ਚਾਹੀਦਾ ਹੈ ਕਿਉਂ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਕੈਨੇਡੀਅਨ ਅਥਾਰਟੀਆਂ ਦਾ ਵਤੀਰਾ ਸਹੀ ਨਹੀਂ ਸੀ। ਉਨ੍ਹਾਂ ਲਿਖਿਆ ਸੀ ਕਿ ਕੈਨੇਡੀਅਨ ਅਥਾਰਟੀਆਂ ਦਾ ਫਰਜ਼ ਬਣਦਾ ਸੀ ਕਿ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਦੀ ਸਹਾਇਤਾ ਕਰਦੇ ਅਤੇ ਹਲੀਮੀ ਭਰਿਆ ਵਤੀਰਾ ਅਖਤਿਆਰ ਕਰਦੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਲਿਖੇ ਪੱਤਰ ਦੇ ਜਵਾਬ ਵਿਚ ਵਿਦੇਸ਼ ਮੰਤਰੀ ਨੇ ਲਿਖਿਆ ਹੈ

ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਚੁਣੇ ਹੋਏ ਨੁਮਾਇੰਦਿਆਂ ਨਾਲ ਹਲੀਮੀ ਅਤੇ ਆਦਰ ਭਰਿਆ ਰੁਖ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਸਬੰਧੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਨਾਲ ਰਾਬਤਾ ਬਣਾਇਆ ਹੋਇਆ ਹੈ ਅਤੇ ਵਿਧਾਇਕਾਂ ਨੂੰ ਵਾਪਸ ਭੇਜਣ ਦੇ ਕਾਰਣਾਂ ਬਾਰੇ ਵਿਸਥਾਰਤ ਪ੍ਰਤੀਕਰਮ ਮੰਗਿਆ ਗਿਆ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਕੋਲ ਪੂਰੀ ਗੰਭੀਰਤਾ ਨਾਲ ਉਠਾ ਰਹੀ ਹੈ ਅਤੇ ਇਹ ਸੁਨਿਸ਼ਚਿਤ ਕਰ ਰਹੀ ਹੈ

ਕਿ ਭਵਿੱਖ ਵਿਚ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਾਰੇ ਵਿਧਾਇਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਵਿਦੇਸ਼ ਯਾਤਰਾ 'ਤੇ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਸਮੇਤ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਅਤੇ ਸਿਆਸੀ ਕਲੀਅਰੈਂਸ ਲਈ ਜਾਵੇ ਤਾਂ ਜੋ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਦੌਰਾ ਭਾਵੇਂ ਨਿੱਜੀ ਹੋਵੇ ਤਾਂ ਵੀ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਸ ਦੀ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਨੂੰ ਦਿੱਤੀ ਜਾਵੇ। ਵਿਦੇਸ਼ ਮੰਤਰੀ ਨੇ ਦੱਸਿਆ ਹੈ ਕਿ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਕੋਲ ਪੰਜਾਬ ਦੇ ਵਿਧਾਇਕਾਂ ਦੀ ਕੈਨੇਡਾ ਫੇਰੀ ਬਾਬਤ ਕੋਈ ਜਾਣਕਾਰੀ ਨਹੀਂ ਸੀ।