ਭਾਖੜਾ ਡੈਮ ਦਾ ਪਾਣੀ ਪੱਧਰ 1676 ਫ਼ੁੱਟ, ਪੌਂਗ 1383 ਫ਼ੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵੇਲੇ ਸਤਲੁਜ ਦਰਿਆ ਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਬਾਰਿਸ਼ ਘੱਟਣ ਨਾਲ ਗੋਬਿੰਦ ਸਾਗਰ ਵਿਚ ਪੈਣ ਵਾਲੇ ਪਾਣੀ ਦਾ ਵਹਾਅ 44000 ਕਿਉਸਕ ਰੋਜ਼ਾਨਾ ਹੈ

Bhakra Dam

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪਿਛਲੇ 65 ਸਾਲਾਂ ਤੋਂ ਸਾਰੇ ਮੁਲਕ ਤੇ ਵਿਸ਼ੇਸ਼ ਕਰ ਕੇ ਪੰਜਾਬ ਦੇ ਲੋਕਾਂ ਦੀ ਪਾਣੀ ਤੇ ਬਿਜਲੀ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਆਇਆ, ਸਤਲੁਜ ਦਰਿਆ ’ਤੇ ਬਣਿਆ ਭਾਖੜਾ ਡੈਮ ਦਾ ਪਾਣੀ ਪੱਧਰ ਕੱਲ ਸ਼ਾਮੀਂ 1676 ਫ਼ੁੱਟ ਦੇ ਨੇੜੇ ਸੀ ਜਦੋਂ ਕਿ ਬਿਆਸ ਦਰਿਆ ’ਤੇ ਤਲਵਾੜਾ ਸਥਿਤ ਪੌਂਗ ਡੈਮ ਦਾ ਪਾਣੀ ਪੱਧਰ 1383 ਫ਼ੁੱਟ ਤੋਂ ਥੋੜ੍ਹਾ ਵੱਧ ਸੀ। ਇਸ ਵੇਲੇ ਸਤਲੁਜ ਦਰਿਆ ਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਬਾਰਿਸ਼ ਘੱਟਣ ਨਾਲ ਗੋਬਿੰਦ ਸਾਗਰ ਵਿਚ ਪੈਣ ਵਾਲੇ ਪਾਣੀ ਦਾ ਵਹਾਅ 44000 ਕਿਉਸਕ ਰੋਜ਼ਾਨਾ ਹੈ ਜਦੋਂ ਕਿ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਦੀ ਝੀਲ ਵਿਚ ਪਾਣੀ ਦੀ ਭਰਪਾਈ ਦੀ ਮਿਕਦਾਰ ਅੱਜ 24800 ਕਿਉਸਕ ਹੈ।

ਇਥੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਚੇਅਰਮੈਨ ਡੀ.ਕੇ. ਸ਼ਰਮਾ ਨੇ ਦਸਿਆ ਕਿ ਹਰ ਸਮੇਂ ਲਗਾਤਾਰ ਮੌਸਮ ਵਿਭਾਗ ਤੋਂ ਮਿਲੀ ਸੂਚਨਾ ਅਤੇ ਆਉੁਂਦੇ ਦਿਨਾਂ ਲਈ ਬਾਰਸ਼ਾਂ ਸਬੰਧੀ ਦਿਤੇ ਗਏ ਅੰਦਾਜ਼ਿਆਂ ’ਤੇ ਨਜ਼ਰ ਰੱਖੀ ਜਾ ਰਹੀ ਅਤੇ ਨਾਲ ਦੀ ਨਾਲ ਪੰਜਾਬ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਡੈਮਾਂ ਤੋਂ ਪਾਣੀ ਛੱਡਣ ਦੀ ਇਤਲਾਹ ਦਿਤੀ ਜਾ ਰਹੀ ਹੈ। 

ਚੇਅਰਮੈਨ ਨੇ ਦਸਿਆ ਕਿ ਬੋਰਡ ਦੇ ਮਾਹਰ ਇੰਜੀਨੀਅਰਾਂ ਅਤੇ ਤਜਰਬੇਕਾਰ ਤਕਨੀਕੀ ਵਿਅਕਤੀਆਂ ਦੀ ਸਲਾਹ ਨਾਲ ਚੋਟੀ ਦੀ ਤਕਨੀਕੀ ਕਮੇਟੀ ਵਿਚ ਪਾਸ ਕੀਤੇ ਪ੍ਰਸਤਾਵਾਂ ਤੇ ਫ਼ੈਸਲਿਆਂ ਮੁਤਾਬਕ ਹੀ ਪਾਣੀ ਦੀ ਰਿਲੀਜ਼ ਰੋਜ਼ਾਨਾ 35,000 ਕਿਉਸਕ ਭਾਖੜਾ ਤੋਂ ਬਿਜਲੀ ਬਣਾਉਣ ਉਪਰੰਤ ਅਤੇ 8200 ਕਿਉਸਕ ਫ਼ਲੱਡ ਗੇਟਾਂ ਰਾਹੀਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪੌਂਗ ਡੈਮ ਤੋਂ ਬਿਜਲੀ ਪੈਦਾਵਾਰ ਉਪਰੰਤ ਬਹੁਤ ਘੱਟ ਮਿਕਦਾਰ ਵਿਚ ਪਾਣੀ ਛਡਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੋਰਡ ਦੇ ਮਾਹਰਾਂ ਦੇ ਫ਼ੈਸਲੇ ਮੁਤਾਬਕ ਭਾਖੜਾ ਡੈਮ ਵਿਚ ਪਾਣੀ ਪੱਧਰ 1680 ਫ਼ੁੱਟ ਤਕ ਅਤੇ ਪੌਂਗ ਡੈਮ ਦਾ ਪਾਣੀ ਪੱਧਰ 1390 ਫ਼ੁੱਟ ਤਕ ਲਿਆਂਦਾ ਜਾ ਸਕਦਾ ਹੈ ਯਾਨੀ ਭਾਖੜਾ ਦੀ ਗੋਬਿੰਦ ਸਾਗਰ ਝੀਲ ਅਜੇ 4 ਫ਼ੁੱਟ ਹੋਰ ਭਰੀ ਜਾਣੀ ਹੈ ਅਤੇ ਤਲਵਾੜਾ ਝੀਲ, ਟੀਸੀ ਤੋਂ 7 ਫ਼ੁੱਟ ਥੱਲੇ ਹੈ। ਪਿਛਲੇ ਹਫ਼ਤੇ 18 ਤਰੀਕ ਤੋਂ 21 ਅਗੱਸਤ ਤਕ ਪਈ ਵਾਧੂ ਬਾਰਿਸ਼ ਅਤੇ ਫ਼ਲੱਡ ਗੇਟਾਂ ਤੋਂ ਛੱਡੇ ਪਾਣੀ ਦੇ ਅੰਕੜਿਆਂ ਸਬੰਧੀ ਬੋਰਡ ਦੇ ਮਾਹਰਾਂ ਨੇ ਦਸਿਆ ਕਿ ਹਿਮਾਚਲ ਵਿਚੋਂ 3 ਲੱਖ ਕਿਉਸਕ ਤੋਂ ਵੱਧ ਪਾਣੀ ਇਕੋ ਦਿਨ ਆਇਆ ਜਦੋਂ ਕਿ ਡੈਮਾਂ ਤੋਂ ਹੇਠਾਂ ਵਾਲੇ ਪਾਸੇ ਪੰਜਾਬ ਦੇ 4 ਜ਼ਿਲ੍ਹੇ ਫ਼ਿਰੋਜ਼ਪੁਰ, ਮੁਕਤਸਰ, ਫ਼ਰੀਦਕੋਟ, ਮੋਗਾ ਛੱਡ ਕੇ ਬਾਕੀ 18 ਜ਼ਿਲਿ੍ਹਆਂ ਵਿਚ ਬੇਤਹਾਸ਼ਾ ਬਾਰਿਸ਼ ਯਾਨੀ ਪਿਛਲੇ ਸਾਲ ਨਾਲੋਂ 25 ਤੋਂ 33 ਗੁਣਾਂ ਵੱਧ ਹੋਈ।

ਇਸ ਤੋਂ ਇਲਾਵਾ ਸਵਾਂਅ, ਲੋਹੰਡ, ਸਿਰਸਾ ਅਤੇ ਬੁਧਕੀ ਖੱਡਾਂ ਤੇ ਛੋਟੀ ਨਦੀਆਂ ਵਿਚ ਵੀ ਸਵਾ 2 ਲੱਖ ਕਿਉਸਕ ਪਾਣੀ ਆਇਆ ਸੀ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੇ ਸੱਜੇ ਤੇ ਖੱਬੇ ਕੰਢੇ ਦੀਆਂ 10 ਮਸ਼ੀਨਾਂ, ਪੌਂਗ ਡੈਮ ਦੇ 6 ਜਨਰੇਟਰ, ਡੇਹਰ ਪਾਵਰ ਪਲਾਂਟ ਦੇ 6 ਜਨਰੇਟਰ ਅਤੇ ਗੰਗੂਵਾਲ ਕੋਟਲਾ ਦੇ 2 ਜਨਰੇਟਰਾਂ ਵਾਲਾ ਬੀ.ਬੀ.ਐਮ.ਬੀ. ਦੀ ਕੁਲ ਸਮਰਥਾ 2920 ਮੈਗਾਵਾਟ ਬਿਜਲੀ ਪੈਦਾਵਾਰ ਦੀ ਹੈ ਜਿਸ ਨਾਲ ਸਾਲਾਨਾ 250 ਲੱਖ ਟਨ ਅਨਾਜ ਦੀ ਪੈਦਾਵਾਰ ਹੁੰਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।