ਸਿੱਖੀ ਸਿਧਾਂਤਾਂ ‘ਤੇ ਚਲਦਿਆਂ ਸੇਵਾ ਦਾ ਸੰਕਲਪ ਪੂਰਾ ਕਰ ਰਹੀ ‘ਖ਼ਾਲਸਾ ਏਡ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ਵ ਭਰ ਦੇ ਲੋਕ ਇਸ ਸਿੱਖ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ।

'Khalsa Aid' fulfilling the concept of Sewa

ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਸਮਾਜ ਭਲਾਈ ਸਿੱਖ ਸੰਸਥਾ 'ਖ਼ਾਲਸਾ ਏਡ' ਅੱਜ ਕਿਸੇ ਜਾਣ ਪਛਾਣ ਦੀ ਮੁਥਾਜ਼ ਨਹੀਂ ਹੈ। ਵਿਸ਼ਵ ਭਰ ਦੇ ਲੋਕ ਇਸ ਸਿੱਖ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ। 'ਖ਼ਾਲਸਾ ਏਡ' ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ ਪਰ ਮੌਜੂਦਾ ਸਮੇਂ ਇਸ ਸੰਸਥਾ ਦੇ ਸਾਰੇ ਵਿਸ਼ਵ ਵਿਚ ਸੈਂਕੜੇ ਸੇਵਾਦਾਰ ਮੌਜੂਦ ਹਨ।

ਹੋਂਦ ਵਿਚ ਆਉਣ ਮਗਰੋਂ ਹੀ 'ਖ਼ਾਲਸਾ ਏਡ' ਨੇ ਸਾਲ 2000 ਵਿਚ ਉੜੀਸਾ ਦੇ ਤੂਫ਼ਾਨ ਅਤੇ ਫਿਰ 2001 ਵਿਚ ਤੁਰਕੀ ਅਤੇ ਗਜਰਾਤ ਦੇ ਭੂਚਾਲ ਪੀੜਤਾਂ ਦੀ ਬਿਨਾਂ ਕਿਸੇ ਭੇਦਭਾਵ ਡਟ ਕੇ ਮਦਦ ਕੀਤੀ ਸੀ। ਇਸ ਤੋਂ ਬਾਅਦ ਲਗਾਤਾਰ ਲੋਕ ਭਲਾਈ ਦੇ ਕਾਰਜਾਂ ਕਰਕੇ  'ਖ਼ਾਲਸਾ ਏਡ' ਦੇ ਕੰਮਾਂ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋਣ ਲੱਗੀ, ਜਿਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਮਾਣ ਵਧਿਆ।

ਬੀਤੇ ਹਫ਼ਤਿਆਂ ਵਿਚ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਸੀ। ਇਸ ਤਬਾਹੀ ਦੇ ਚਲਦਿਆਂ ਸੂਬੇ ਦੇ ਕਈ ਇਲਾਕੇ ਹੜ੍ਹ ਦੀ ਚਪੇਟ ਵਿਚ ਆ ਗਏ। ਕਈ ਇਲਾਕਿਆਂ ਵਿਚ ਹੁਣ ਤੱਕ ਵੀ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਖ਼ਾਲਸਾ ਏਡ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਅਤੇ ਇਕ ਵਾਰ ਫ਼ਿਰ ਦੁਨੀਆ ਵਿਚ ਮਿਸਾਲ ਪੈਦਾ ਕਰ ਦਿੱਤੀ ਹੈ।

ਭਾਰੀ ਹੜ੍ਹ ਅਤੇ ਬਾਰਿਸ਼ ਵਿਚ ਵੀ ਖ਼ਾਲਸਾ ਏਡ ਦੀ ਟੀਮ ਨੇ ਹੜ੍ਹ ਪੀੜਤਾਂ ਲਈ ਹਰ ਮਦਦ ਕਰਨ ਦਾ ਉਪਰਾਲਾ ਕੀਤਾ। ਵੱਖ ਵੱਖ ਇਲਾਕਿਆਂ ਵਿਚ ਖ਼ਾਲਸਾ ਏਡ ਵੱਲੋਂ ਲੰਗਰ ਲਗਾਏ ਗਏ, ਲੋਕਾਂ ਨੂੰ ਲੋੜੀਂਦਾ ਸਮਾਨ ਵੰਡਿਆ ਗਿਆ ਅਤੇ ਉਹਨਾਂ ਦੀ ਹਰ ਤਰ੍ਹਾਂ ਮਦਦ ਕੀਤੀ ਗਈ। ਸਿਰਫ਼ ਇੰਨਾਂ ਹੀ ਨਹੀਂ ਖ਼ਾਲਸਾ ਏਡ ਵੱਲੋਂ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ। ਇਸ ਸਭ ਦੌਰਾਨ ਕਈ ਮਸ਼ਹੂਰ ਹਸਤੀਆਂ ਅਤੇ ਆਮ ਲੋਕਾਂ ਨੇ ਖ਼ਾਲਸਾ ਏਡ ਨੂੰ ਭਰਪੂਰ ਸਹਿਯੋਗ ਦਿੱਤਾ ਅਤੇ ਹੜ੍ਹ ਪੀੜਤਾਂ ਦੀ ਮਦਦ ਕੀਤੀ। ਲੋਕਾਂ ਵੱਲੋਂ ਹੜ੍ਹ ਪੀੜਤਾਂ ਨੂੰ ਲੋੜੀਂਦੀਆਂ ਚੀਜ਼ਾਂ ਦਾਨ ਕਰ ਕੇ ਖਾਲਸਾ ਏਡ ਦੀ ਮਦਦ ਕੀਤੀ ਗਈ।

ਇਸ ਦੇ ਨਾਲ ਹੀ ਮਸ਼ਹੂਰ ਪੰਜਾਬੀ ਮਾਡਰ ਹਿਮਾਂਸ਼ੀ ਖੁਰਾਣਾ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ। ਸੁਲਤਾਨਪੁਰ ਲੋਧੀ ਵਿਖੇ ਹਿਮਾਂਸ਼ੀ ਨੇ ਖਾਲਸਾ ਏਡ ਦੀ ਟੀਮ ਨਾਲ ਮਿਲ ਕੇ ਹੜ੍ਹ ਪੀੜਤਾਂ ਤੱਕ ਰਸਦ ਪਹੁੰਚਾਈ ਅਤੇ ਉੱਥੋਂ ਦੇ ਹਾਲਾਤ ਜਾਣੇ। ਇਸ ਤੋਂ ਬਾਅਦ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ 7 ਲੱਖ ਰੁਪਏ ਦਾ ਐਲਾਨ ਕੀਤਾ।

ਇਸੇ ਤਰ੍ਹਾਂ ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਨੇ ਵੀ ਖ਼ਾਲਸਾ ਏਡ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ। ਮਸ਼ਹੂਰ ਕਲਾਕਾਰ ਮੀਕਾ ਸਿੰਘ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਖ਼ਾਲਸਾ ਏਡ ਨੂੰ 25 ਲੱਖ ਅਤੇ ਅਪਣੇ ਇਕ ਸ਼ੋਅ ਦੀ ਪੂਰੀ ਰਕਮ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਖ਼ਾਲਸਾ ਏਡ ਦੇ ਬਾਨੀ ਅਤੇ ਮੁਖੀ ਰਵੀ ਸਿੰਘ ਵੱਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ 1.3 ਕਰੋੜ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਵਿਚ ਲੋਕਾਂ ਵੱਲੋਂ ਖ਼ਾਲਸਾ ਏਡ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਮੌਕੇ ਕਈ ਪੰਜਾਬੀ ਪਰਵਾਸੀਆਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ।

ਦੱਸ ਦਈਏ ਕਿ ਇਹ ਸੰਸਥਾ ਬਿਨਾਂ ਕਿਸੇ ਭੇਦਭਾਵ ਦੀਨ-ਦੁਖੀਆਂ ਦੀ ਭਲਾਈ ਲਈ ਹਰ ਸਾਲ ਲੱਖਾਂ ਡਾਲਰ ਖ਼ਰਚ ਕਰ ਰਹੀ ਹੈ ਅਤੇ ਇਸ ਸੰਸਥਾ ਦੀ ਮਾਇਕ ਸਹਾਇਤਾ ਮੁੱਖ ਤੌਰ 'ਤੇ ਯੂਕੇ ਦੇ ਸ਼ਰਧਾਵਾਨ ਸਿੱਖਾਂ ਵਲੋਂ ਕੀਤੀ ਜਾਂਦੀ ਹੈ। ‘ਖਾਲਸਾ ਏਡ’ ਵੱਲੋਂ ਲੰਬੇ ਸਮੇਂ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਹਨ ਜਿਨਾਂ ਵਿਚ ਪ੍ਰਮੁੱਖ ਤੌਰ ‘ਤੇ ਲੰਗਰ ਏਡ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਵਿਸ਼ਵ ਭਰ ਵਿਚ ਭੁੱਖ ਦਾ ਖਾਤਮਾ ਕਰਨਾ ਹੈ।

ਇਹ ਸੰਸਥਾ ਹੁਣ ਤੱਕ ਦੁਨੀਆ ਭਰ ਵਿਚ ਯੂਕੇ ਸਮੇਤ ਕਈ ਸਥਾਨਾਂ ‘ਤੇ ਲੰਗਰ ਲਗਾ ਚੁੱਕੀ ਹੈ। ‘ਖਾਲਸਾ ਏਡ’ ਵੱਲੋਂ ਚਲਾਇਆ ਜਾ ਰਿਹਾ ਪ੍ਰੋਜੈਕਟ ਫੌਕਸ ਪੰਜਾਬ ਵੀ ਬਹੁਤ ਮਹੱਤਵਪੂਰਨ ਹੈ, ਇਸ ਪ੍ਰੋਜੈਕਟ ਦੇ ਤਹਿਤ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ, ਇਸ ਦੇ ਤਹਿਤ ‘ਖਾਲਸਾ ਏਡ’ ਵੱਲੋਂ ਹੁਣ ਤੱਕ ਕਰੀਬ 250 ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ।

ਖਾਲਸਾ ਏਡ’ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਹੋਰ ਜਾਣਕਾਰੀ https://www.khalsaaid.org/projects ‘ਤੇ ਦੇਖੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।